ਨਵੀਂ ਦਿੱਲੀ: ਲੋਕ ਸਭਾ 'ਚ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ 'ਤੇ ਹੰਗਾਮਾ ਹੋ ਗਿਆ। ਇਹ ਹੰਗਾਮਾ ਇੰਨਾ ਵੱਧ ਗਿਆ ਕਿ ਮਾਮਲਾ ਧੱਕਾ-ਮੁੱਕੀ ਤੱਕ ਪਹੁੰਚ ਗਿਆ।
ਅਸਲ 'ਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਰਾਹੁਲ ਗਾਂਧੀ ਦੇ 'ਡੰਡੇ ਮਾਰਨ' ਵਾਲੇ ਬਿਆਨ ਦਾ ਜ਼ਿਕਰ ਕਰ ਕੀਤਾ ਅਤੇ ਉਨ੍ਹਾਂ ਦੀ ਆਲੋਚਨਾ ਕਰਨ ਲੱਗੇ। ਉਨ੍ਹਾਂ ਦੇ ਇੰਨਾ ਕਹਿਣ 'ਤੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਆਪਣੀਆਂ ਸੀਟਾਂ ਤੋਂ ਉੱਠ ਖੜ੍ਹੇ ਹੋਏ ਅਤੇ ਹਰਸ਼ਵਰਧਨ ਦੇ ਬਿਆਨ ਦੀ ਆਲੋਚਨਾ ਕਰਨ ਲੱਗੇ।
ਇਸੇ ਵਿਚਾਲੇ ਕਾਂਗਰਸ ਦੇ ਇੱਕ ਸੰਸਦ ਮੈਂਬਰ ਮਨੀਕਮ ਟੈਗੋਰ ਹਮਲਾਵਰ ਢੰਗ ਨਾਲ ਡਾ. ਹਰਸ਼ਵਰਧਨ ਦੇ ਬਹੁਤ ਨਜ਼ਦੀਕ ਆ ਗਏ ਅਤੇ ਦੋਹਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਭਾਜਪਾ ਦੇ ਸੰਸਦ ਮੈਂਬਰ ਵੀ ਅੱਗੇ ਆ ਗਏ ਅਤੇ ਦੋਹੀਂ ਪਾਸੀਂ ਹੱਥੋਪਾਈ ਦੀ ਨੌਬਤ ਆ ਗਈ। ਹੰਗਾਮੇ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ।