ਨਵੀਂ ਦਿੱਲੀ: ਦਿੱਲੀ ਤੋਂ ਭਾਜਪਾ ਪ੍ਰਧਾਨ ਅਤੇ ਉੱਤਰ ਪੁਰਬੀ ਦਿੱਲੀ ਤੋਂ ਲੋਕ ਸਭਾ ਮੈਂਬਰ ਮਨੋਜ ਤਿਵਾੜੀ ਨੇ ਰਾਸ਼ਟਰੀ ਨਾਗਰਿਕਤਾ ਰਜਿਸਟਰੇਸ਼ਨ (ਐਨਆਰਸੀ) ਨੂੰ ਲੈ ਕੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਹੈ। ਮਨੋਜ ਤਿਵਾੜੀ ਨੇ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀ ਐਨਆਰਸੀ ਦੀ ਲੋੜ ਹੈ।
ਦਿੱਲੀ ਨੂੰ ਵੀ ਲੋੜ ਹੈ NRC ਦੀ, ਮਨੋਜ ਤਿਵਾੜੀ ਨੇ ETV ਭਾਰਤ ਨਾਲ ਕੀਤੀ ਖ਼ਾਸ ਗੱਲਬਾਤ ਮਨੋਜ ਤਿਵਾੜੀ ਨੇ ਕਿਹਾ ਕਿ ਐਨ.ਆਰ.ਸੀ. ਦੀ ਦਿੱਲੀ ਵਿੱਚ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਥਿਤੀ ਖ਼ਰਾਬ ਹੁੰਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗੈਰ ਕਾਨੂੰਨੀ ਤੌਰ ਉਤੇ ਅਪ੍ਰਵਾਸੀ ਜੋ ਰਾਜਧਾਨੀ ਵਿੱਚ ਆ ਕੇ ਰਹਿਣ ਲੱਗੇ ਹਨ, ਉਹ ਕਾਫੀ ਖਤਰਨਾਕ ਹੈ ਜਿਸ ਨਾਲ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਦੇਸ਼ ਦਾ ਨਾਗਰਿਕ ਹੈ ਉਸ ਨੂੰ ਐਨਆਰਸੀ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਐਨਆਰਸੀ ਲਾਗੂ ਕਰਨ ਨੂੰ ਲੈ ਕੇ ਅਸੀਂ ਜਲਦ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਾਂਗੇ। ਅਸਮ ਵਿੱਚ ਐਨਆਰਸੀ ਬਾਰੇ ਬੋਲਦਿਆਂ ਤਿਵਾੜੀ ਨੇ ਕਿਹਾ,"ਸਰਹੱਦ ਪਾਰ ਕਰਦਿਆਂ ਸਾਡੇ ਦੇਸ਼ ਵਿੱਚ ਦਾਖ਼ਲ ਹੋਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਪਰਤਣਾ ਪਵੇਗਾ।"
ਜਿਕਰਯੋਗ ਹੈ ਕਿ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ ਦੀ ਅੰਤਿਮ ਸੂਚੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਐੱਨਆਰਸੀ ਦੇ ਸੂਬਾ ਕੋਆਰਡੀਨੇਟਰ ਪ੍ਰਤੀਕ ਹਜੇਲਾ ਨੇ ਦੱਸਿਆ ਕਿ ਕੁਲ 3,11,004 (31 ਲੱਖ ਤੋਂ ਜ਼ਿਆਦਾ) ਵਿਅਕਤੀਆਂ ਨੂੰ ਅੰਤਿਮ ਸੂਚੀ 'ਚ ਸ਼ਾਮਲ ਕਰਨ ਦੇ ਯੋਗ ਪਾਇਆ ਗਿਆ। ਇਸ ਤੋਂ ਇਲਾਵਾ 19,06,657 ਲੋਕ ਇਸ ਸੂਚੀ 'ਚ ਸ਼ਾਮਲ ਨਹੀਂ ਹੋ ਸਕੇ ਹਨ। ਇਨ੍ਹਾਂ ਲੋਕਾਂ ਨੇ ਆਪਣੇ ਦਾਅਵੇ ਪੇਸ਼ ਨਹੀਂ ਕੀਤੇ ਸਨ। ਨਤੀਜੇ ਤੋਂ ਸੰਤੁਸ਼ਟ ਨਾ ਹੋਣ 'ਤੇ ਉਹ ਵਿਦੇਸ਼ੀ ਟ੍ਰਿਬਿਊਨਲ ਕੋਲ ਅਪੀਲ ਦਾਇਰ ਕਰ ਸਕਦੇ ਹਨ।