ਨਵੀਂ ਦਿੱਲੀ: ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ-ਚੀਨ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ ਉੱਤੇ ਹਮਲੇ ਕਰ ਰਹੇ ਹਨ।
ਇਸ ਕੜੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਬੀਜੇਪੀ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਰਾਹੁਲ ਗਾਂਧੀ 'ਤੇ ਪਲਟਵਾਰ ਕੀਤਾ ਹੈ। ਹੰਸ ਰਾਜ ਹੰਸ ਨੇ ਕਿਹਾ ਕਿ ਇਹੀ ਫਰਕ ਹੈ ਆਦਮੀ ਦੀ ਉਮਰ ਅਤੇ ਤਜ਼ੁਰਬੇ ਵਿੱਚ, ਸ਼ਰਮ ਕਰੋ ਰਾਹੁਲ ਗਾਂਧੀ ਜੀ।
ਜ਼ਿਕਰਯੋਗ ਹੈ ਕਿ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਵਿੱਚ ਜ਼ਖਮੀ ਹੋਏ ਅਲਵਰ ਜ਼ਿਲ੍ਹੇ ਦੇ ਨੌਗਾਂਵ ਦੇ ਜਵਾਨ ਸੁਰਿੰਦਰ ਸਿੰਘ ਦੇ ਪਿਤਾ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਸੁਰਿੰਦਰ ਦੇ ਪਿਤਾ ਬਲਵੰਤ ਸਿੰਘ ਨੇ ਰਾਹੁਲ ਗਾਂਧੀ ਨੂੰ ਸ਼ਹੀਦਾਂ ਦੀ ਸ਼ਹਾਦਤ 'ਤੇ ਰਾਜਨੀਤੀ ਨਾ ਕਰਨ ਦੇ ਲਈ ਕਿਹਾ ਸੀ। ਇਸ ਵੀਡੀਓ ਨੂੰ ਰੀ-ਟਵੀਟ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਿਖਿਆ ਸੀ ਕਿ ਇੱਕ ਬਹਾਦੁਰ ਜਵਾਨ ਦੇ ਪਿਤਾ ਦੁਆਰਾ ਰਾਹੁਲ ਗਾਂਧੀ ਦੇ ਲਈ ਬਹੁਤ ਸਪੱਸ਼ਟ ਸੰਦੇਸ਼ ਹੈ।