ਨਵੀਂ ਦਿੱਲੀ: ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਵਿਰੁੱਧ ਦੇਸ਼ ਭਰ ਵਿੱਚ ਪ੍ਰਦਰਸ਼ਨਾਂ ਵਿਚਕਾਰ ਅਸਾਮ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮ੍ਰਣਾਲ ਸੈਕੀਆ ਵਿਰੁੱਧ ਇੱਕ ਮਾਮਲਾ ਦਰਜ ਕਰਵਾਇਆ ਗਿਆ ਹੈ। ਕੇਸ ਦਰਜ ਕਰਨ ਵਾਲੇ ਸਮੂਹ ਦਾ ਕਹਿਣਾ ਹੈ ਕਿ ਉਹ ਇਸ ਕਾਨੂੰਨ ਦੇ ਸਮਰਥਕਾਂ ਨੂੰ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਮਾਰਨ ਲਈ ਉਕਸਾ ਰਹੇ ਹਨ।
ਮ੍ਰਣਾਲ ਸੈਕਿਆ ਅਸਾਮ ਦੀ ਖੁਸ਼ਟੀਆ ਸੀਟ ਤੋਂ ਵਿਧਾਇਕ ਹਨ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਭਾਜਪਾ ਵਰਕਰਾਂ ਨੂੰ ਇੱਕ ਦੀ ਥਾਂ 10 ਦਾ ਕਤਲ ਕਰਨ ਲਈ ਉਕਸਾ ਰਹੇ ਹਨ।
ਵੀਡੀਓ ਵਿੱਚ ਮ੍ਰਣਾਲ ਕਹਿੰਦੇ ਹਨ, "ਸਾਡੇ ਵਰਕਰਾਂ ਨੇ ਇਨ੍ਹਾਂ ਦਿਨਾਂ 'ਚ ਬਹੁਤ ਕੁੱਝ ਸਹਿਣ ਕੀਤਾ ਹੈ। ਜੇ ਕੋਈ ਵੀ ਤੁਹਾਡੇ ਘਰ ਨੂੰ ਸਾੜਨ ਆਉਂਦਾ ਹੈ, ਤਾਂ ਉਨ੍ਹਾਂ ਨਾਲ ਵੀ ਅਜਿਹਾ ਕਰੋ। ਜੇ ਉਹ ਸਾਡੇ ਕਿਸੇ ਵੀ ਵਰਕਰ ਨੂੰ ਮਾਰਨ ਜਾਂ ਉਨ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਤੁਹਾਨੂੰ ਉਨ੍ਹਾਂ ਵਿੱਚੋਂ ਘੱਟੋ ਘੱਟ 10 ਨੂੰ ਮਾਰ ਦੇਣਾ ਚਾਹੀਦਾ ਹੈ।"
ਉਨ੍ਹਾਂ ਨੇ ਕਿਹਾ, ‘ਅਸੀਂ ਗਿਣਤੀ ਵਿੱਚ ਵਧੇਰੇ ਹਾਂ। 10 ਬਦਮਾਸ਼ ਆਮ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੇ ਹੈ। ਵੀਡੀਓ ਚਬੂਆ ਵਿੱਚ ਇੱਕ ਮੀਟਿੰਗ ਦੀ ਹੈ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਵਿਧਾਇਕ ਬਿਨੋਦ ਹਜ਼ਾਰਿਕਾ ਦਾ ਘਰ ਸਾੜਿਆ ਸੀ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਮ੍ਰਣਾਲ ਵਿਰੁੱਧ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, 'ਅਸੀਂ ਇਸ ਦੀ ਜਾਂਚ ਕਰਾਂਗੇ।' ਦੂਜੇ ਪਾਸੇ, ਵਿਰੋਧੀ ਕਾਂਗਰਸ ਪਾਰਟੀ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਮ੍ਰਣਾਲ ਸੈਕਿਆ ਵਿਰੁੱਧ ਕਾਰਵਾਈ ਕੀਤੀ ਜਾਵੇ। ਪਾਰਟੀ ਨੇ ਕਿਹਾ ਕਿ ਕਿਉਂਕਿ ਮੁੱਖ ਮੰਤਰੀ ਨੇ ਖ਼ੁਦ ਹਿੰਸਾ ਭੜਕਾਉਣ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਚਿਤਾਵਨੀ ਦਿੱਤੀ ਸੀ।