ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਕੋਲਡ ਵਾਰ ਦੀਆਂ ਖ਼ਬਰਾਂ ਤੋਂ ਬਾਅਦ ਸਿੱਧੂ ਨੇ ਅਸਤੀਫ਼ਾ ਦੇ ਕੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਉਹ ਕਿਤੇ ਨਾ ਕਿਤੇ ਕੈਪਟਨ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਸਨ। ਪਰ, ਸਿੱਧੂ ਦੇ ਇਸ ਫੈਸਲੇ ਦਾ ਪਾਰਟੀ ਹੀ ਨਹੀਂ, ਹੋਰਨਾਂ ਥਾਈਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸ ਤੋਂ ਇਲਾਵਾ ਭਾਜਪਾ ਆਗੂਆਂ ਨੇ ਸਿੱਧੂ ਦੇ ਫੈਸਲੇ ਨੂੰ ਨਿੰਦਿਆ ਹੈ। ਜਿਸ ਤੋਂ ਇਹ ਵੀ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਕਿ ਸਿੱਧੂ ਲਈ ਭਾਜਪਾ ਦੇ ਦਰਵਾਜ਼ੇ ਵੀ ਬੰਦ ਹੀ ਹਨ। ਇੱਥੋਂ ਤੱਕ ਕਿ ਨਵਜੋਤ ਸਿੰਘ ਨੂੰ ਭਾਜਪਾ ਦਾ ਰਿਜੈਕਟਿਡ ਮਾਲ ਕਰਾਰ ਦਿੱਤਾ ਗਿਆ ਹੈ।
'ਸਿੱਧੂ ਤਾਂ ਰਿਜੈਕਟਿਡ ਮਾਲ'...ਹੁਣ ਕਿੱਥੇ ਜਾਣਗੇ ਸਿੱਧੂ, ਭਾਜਪਾ ਦੇ ਦਰਵਾਜ਼ੇ ਵੀ ਬੰਦ! - navjot sidhu resignation
ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਸਿਆਸਤ ਭੱਠੀ ਬਣਦੀ ਜਾ ਰਹੀ ਹੈ। ਗਰਮੀ ਹੈ ਕਿ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀ...ਸਿੱਧੂ ਦੀ ਆਪਣੀ ਪਾਰਟੀ ਤਾਂ ਸਿੱਧੂ ਨੂੰ ਤੱਤੀਆਂ-ਤੱਤੀਆਂ ਸੁਣਾਉਣ 'ਚ ਲੱਗੀ ਹੀ ਹੋਈ ਹੈ। ਪਰ, ਹੁਣ ਇਸ ਦੌੜ 'ਚ ਭਾਜਪਾ ਵੀ ਸ਼ਾਮਿਲ ਹੋ ਗਈ ਹੈ।
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਮੰਤਰਾਲਾ ਬਦਲੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਚੱਲ ਰਹੇ ਸਨ। ਜਿਸ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਕੈਪਟਨ ਅਤੇ ਸਿੱਧੂ ਦਾ ਮਾਮਲਾ ਠੰਡਾ ਕਰਨ ਲਈ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੂੰ ਜਿੰਮੇਵਾਰੀ ਸੌਂਪੀ ਸੀ। ਪਰ, ਬਾਵਜੂਦ ਇਸ ਦੇ ਵੀ ਸਿੱਧੂ ਦਾ ਰੁਸੇਵਾਂ ਘੱਟ ਨਹੀਂ ਹੋ ਸਕਿਆ ਤੇ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਹੀ ਦੇ ਦਿੱਤਾ।
ਭਾਜਪਾ ਨੇ ਸਿੱਧੂ ਦੇ ਕੰਮ 'ਤੇ ਚੁੱਕੇ ਸਵਾਲ
ਕਾਂਗਰਸੀ ਮੰਤਰੀਆਂ ਤੋਂ ਬਾਅਦ ਹੁਣ ਭਾਜਪਾ ਨੇ ਸਿੱਧੂ ਵਿਰੁੱਧ ਬਿਆਨਬਾਜ਼ੀ ਦਾ ਮੋਰਚਾ ਸਾਂਭ ਲਿਆ ਹੈ। ਭਾਜਪਾ ਆਗੂ ਤਰੁਣ ਚੁੱਘ ਨੇ ਨਵਜੋਤ ਸਿੰਘ ਸਿੱਧੂ ਦੀ ਕਾਰਜ ਕੁਸ਼ਲਤਾ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਪਹਿਲਾਂ ਤਾਂ ਕਿਹਾ ਕਿ ਸਿੱਧੂ ਨੂੰ 40 ਦਿਨ ਕਿਉਂ ਲੱਗ ਗਏ ਤੇ 40 ਦਿਨ ਬਿਜਲੀ ਮੰਤਰੀ ਦੀ ਕੁਰਸੀ ਖਾਲੀ ਹੀ ਰਹੀ ਅਤੇ ਜਨਤਾ ਨੂੰ ਜਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਉਸਦਾ ਜਵਾਬ ਸਿੱਧੂ ਦੇਣ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਨੇ ਜੋ ਕੀਤਾ ਉਸ ਨਾਲ ਸਿੱਧੂ ਦੀ ਪਰਫਾਰਮੈਂਸ ਦਾ ਤਾਂ ਪਤਾ ਲੱਗਦਾ ਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦਾ ਵਿਭਾਗ ਬਦਲ ਕੇ ਸਿੱਧੂ ਨੂੰ ਉਸਦੀ ਪਰਫਾਰਮੈਂਸ ਦਾ ਸਰਟੀਫਿਕੇਟ ਦੇ ਦਿੱਤਾ।
'ਸਿੱਧੂ ਭਾਜਪਾ ਦਾ ਰਿਜੈਕਟਿਡ ਮਾਲ'
ਉੱਥੇ ਹੀ ਭਾਜਪਾ ਆਗੂ ਅਨਿਲ ਵਿਜ ਨੇ ਵੀ ਸਿੱਧੂ 'ਤੇ ਵਰ੍ਹਦਿਆਂ ਕਿਹਾ ਕਿ ਸਿੱਧੂ ਤਾਂ ਭਾਜਪਾ ਦਾ ਰਿਜੈਕਟਿਡ ਮਾਲ ਹਨ ਤੇ ਭਾਜਪਾ ਦਾ ਰਿਜੈਕਟਿਡ ਮਾਲ ਕਿਸੇ ਪਾਰਟੀ 'ਚ ਫਿਟ ਨਹੀਂ ਹੋ ਸਕਿਆ ਹੈ ਤੇ ਸਿੱਧੂ ਵੀ ਕਿਸੇ ਵੀ ਪਾਰਟੀ 'ਚ ਫਿਟ ਨਹੀਂ ਹੋ ਸਕਦੇ।
'ਪਾਰਟੀ ਪ੍ਰਧਾਨ ਨੇ ਹੀ ਅਸਤੀਫ਼ਾ ਦਿੱਤਾ..ਆਗੂਆਂ ਦਾ ਕੀ ਕਹਿਣਾ'
ਭਾਜਪਾ ਆਗੂ ਡਾ. ਅਨਿਲ ਜੈਨ ਨੇ ਕਿਹਾ ਕਿ ਕਾਂਗਰਸ ਦਾ ਲੜਾਈ ਤਾਂ ਜਾਰੀ ਹੀ ਹੈ, ਕੌਣ ਅਸਤੀਫ਼ਾ ਦੇ ਰਿਹਾ ਹੈ, ਇਸਦੀ ਪਰਵਾਹ ਨਹੀਂ, ਜਿਸਦੇ ਪ੍ਰਧਾਨ ਨੇ ਹੀ ਅਸਤੀਫ਼ਾ ਦੇ ਦਿੱਤਾ ਹੈ ਤੇ ਉਹ ਖ਼ੁਦ ਹੀ ਕੁਝ ਤੈਅ ਨਹੀਂ ਕਰ ਪਾ ਰਹੇ ਹਨ, ਤਾਂ ਪਾਰਟੀ ਦੇ ਹੋਰ ਆਗੂਆਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਟੁੱਕੜੇ-ਟੁੱਕੜੇ ਹੁੰਦੀ ਨਜ਼ਰ ਆ ਰਹੀ ਹੈ ਤੇ ਕਾਂਗਰਸ ਦੀ ਕਿਸ਼ਤੀ ਡੁੱਬਣ ਤੋਂ ਕੋਈ ਨਹੀਂ ਬਚਾ ਸਕਦਾ।
ਜ਼ਿਕਰਯੋਗ ਹੈ ਕਿ ਸਾਲ 2016 'ਚ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਛੱਡ ਕਾਂਗਰਸ ਦਾ ਪੱਲਾ ਫੜ੍ਹ ਲਿਆ ਸੀ ਤੇ ਲਗਭਗ 3 ਸਾਲ ਬਾਅਦ ਸਿੱਧੂ ਨੇ ਹੁਣ ਆਪਣੇ ਕੈਬਿਨੇਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।