ਪੁਲਵਾਮਾ ਹਮਲੇ ਨੂੰ ਲੈ ਕੇ ਰਵੀਸ਼ੰਕਰ ਨੇ ਕਾਂਗਰਸ 'ਤੇ ਲਗਾਏ ਦੋਸ਼ - india
ਪੁਲਵਾਮਾ ਹਮਲੇ ਤੋਂ ਬਾਅਦ ਰਾਜਨੀਤੀ ਜੰਗ ਜਾਰੀ। ਇੱਕ-ਦੂਜੇ 'ਤੇ ਮੜ੍ਹੇ ਜਾ ਰਹੇ ਦੋਸ਼। ਕੇਂਦਰੀ ਮੰਤਰੀ ਤੇ ਭਾਜਪਾ ਨੇਤਾ ਰਵੀਸ਼ੰਕਰ ਪ੍ਰਸ਼ਾਦ ਨੇ ਕਾਂਗਰਸ 'ਤੇ ਇਮਰਾਨ ਖ਼ਾਨ ਦੀ ਜ਼ੁਬਾਨੀ ਬੋਲਣ ਦੇ ਲਗਾਏ ਦੋਸ਼।
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਰਾਜਨੀਤੀ ਖੇਤਰ ਵਿੱਚ ਨੇਤਾਵਾਂ ਵਿਚਾਲੇ ਇੱਕ-ਦੂਜੇ ਉੱਤੇ ਦੋਸ਼ ਲਗਾਏ ਜਾ ਰਹੇ ਹਨ। ਕਾਂਗਰਸ ਨੇ ਜਿਹੜੇ ਦੋਸ਼ ਪ੍ਰਧਾਨ ਮੰਤਰੀ 'ਤੇ ਲਗਾਏ ਹਨ, ਉਸ ਨੇ ਭਾਜਪਾ ਤੇ ਕਾਂਗਰਸ ਵਿਚਾਲੇ ਇਕ ਨਵੇਂ ਵਿਵਾਦ ਅਤੇ ਜ਼ੁਬਾਨੀ ਜੰਗ ਨੂੰ ਜਨਮ ਦੇ ਦਿੱਤਾ ਹੈ।
ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਕਾਂਗਰਸ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭਾਸ਼ਾ ਬੋਲਣ ਅਤੇ ਦੇਸ਼ ਦੀ ਫ਼ੌਜ ਦੇ ਮਨੋਬਲ ਨੂੰ ਤੋੜਨ ਦਾ ਦੋਸ਼ ਲਗਾਇਆ ਹੈ। ਕੇਂਦਰੀ ਮੰਤਰੀ ਨੇ ਸਖ਼ਤ ਸ਼ਬਦਾਂ ਵਿਚ ਕਾਂਗਰਸੀ ਨੇਤਾਵਾਂ ਨੂੰ ਕਿਹਾ ਕਿ ਦੇਸ਼ ਨਰਿੰਦਰ ਮੋਦੀ ਦੀ ਦਲੇਰੀ, ਫ਼ੈਸਲੇ ਲੈਣ ਦੀ ਸਮਰੱਥਾ ਅਤੇ ਉਨ੍ਹਾਂ ਦੀ ਅਗਵਾਈ 'ਤੇ ਵਿਸ਼ਵਾਸ ਕਰਦਾ ਹੈ ਅਤੇ ਦੇਸ਼ ਉਨ੍ਹਾਂ ਦੇ ਹੱਥਾਂ ਵਿਚ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਇਹ ਦੁਖਦ ਹੈ ਕਿ ਜਦੋਂ ਪੂਰੀ ਦੁਨੀਆ ਭਾਰਤ ਨਾਲ ਖੜ੍ਹੀ ਹੈ ਅਤੇ ਫ਼ੌਜ ਦਾ ਮਨੋਬਲ ਉੱਚਾ ਹੈ, ਅਜਿਹੇ ਵਕਤ 'ਚ ਕਾਂਗਰਸ ਪਾਰਟੀ ਸਵਾਲ ਉਠਾ ਰਹੀ ਹੈ।
ਭਾਜਪਾ ਨੇਤਾ ਨੇ ਕਿਹਾ ਕਿ ਪੰਜ ਦਿਨ ਸਰਕਾਰ ਅਤੇ ਦੇਸ਼ ਨਾਲ ਖੜ੍ਹਾ ਹੋਣ ਦਾ ਦਿਖਾਵਾ ਕਰਨ ਤੋਂ ਬਾਅਦ ਕਾਂਗਰਸ ਨੇ ਫਿਰ ਤੋਂ ਅਸਲੀ ਚਿਹਰਾ ਦਿਖਾਇਆ ਹੈ। ਕਾਂਗਰਸ ਨੂੰ ਉਸ ਦੇ ਹੀ ਸਵਾਲਾਂ 'ਤੇ ਘੇਰਦੇ ਹੋਏ ਰਵੀਸ਼ੰਕਰ ਪ੍ਰਸ਼ਾਦ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਨੇਤਾ ਫ਼ੌਜ ਮੁਖੀ 'ਤੇ ਘਟੀਆ ਦੋਸ਼ ਲਗਾਉਂਦੇ ਹਨ। ਉਥੇ ਰਾਹੁਲ ਗਾਂਧੀ ਸਰਜੀਕਲ ਸਟ੍ਰਾਈਕ 'ਤੇ ਸਵਾਲ ਉਠਾਉਂਦੇ ਹਨ, ਪਰ ਲੰਡਨ ਵਿਚ ਆਪਣੇ ਨੇਤਾ ਕਪਿਲ ਸਿੱਬਲ ਵੱਲੋਂ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਗ਼ਲਤ ਦੱਸਣ 'ਤੇ ਸਵਾਲ ਅੱਜ ਤਕ ਨਹੀਂ ਚੁੱਕਿਆ ਗਿਆ।