ਕੋਲਕਾਤਾ: ਪੱਛਮੀ ਬੰਗਾਲ ਦੀ ਭਾਜਪਾ ਆਗੂ ਇਸ਼ਰਤ ਜਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਲਗਾਤਾਰ ਘਰ ਛੱਡਣ ਦੀ ਧਮਕੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰਿਆਂ ਨੇ ਉਸਨੂੰ ਉਸਦਾ ਘਰ ਛੱਡਣ ਦੀ ਧਮਕੀ ਦਿੱਤੀ ਹੈ, ਜੇ ਨਾ ਛੱਡਿਆ ਤਾਂ ਮੈਨੂੰ ਜ਼ਬਰਦਸਤੀ ਘਰ 'ਚੋਂ ਬਾਹਰ ਕੱਢ ਦੇਣਗੇ। ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਸੁਰੱਖਿਆ ਦੀ ਮੰਗ ਕਰਦੇ ਹੋਏ ਇਸ਼ਰਤ ਜਹਾਂ ਨੇ ਕਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਮੈਂ ਆਪਣੇ ਪੁੱਤਰ ਦੇ ਨਾਲ ਇਕੱਲੀ ਰਹਿੰਦੀ ਹਾਂ, ਮੇਰੇ ਨਾਲ ਕਦੇ ਵੀ ਕੁੱਝ ਵੀ ਹੋ ਸਕਦਾ ਹੈ। ਭਾਜਪਾ ਆਗੂ ਇਸ਼ਰਤ ਜਹਾਂ ਦਾ ਕਹਿਣਾ ਹੈ ਕਿ ਭਾਰੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਘਰ ਦੇ ਬਾਹਰ ਇੱਕਠੇ ਹੋ ਗਏ। ਭੰਨਤੋੜ ਅਤੇ ਕੁੱਟਮਾਰ ਦੀ ਵੀ ਕੋਸ਼ਿਸ਼ ਹੋਈ।ਇਸ਼ਰਤ ਦਾ ਇਲਜ਼ਾਮ ਹੈ ਕਿ ਸਥਾਨਕ ਪੁਲਿਸ ਅਤੇ ਪ੍ਰਸਾਸ਼ਨ ਨੇ ਵੀ ਸਹਿਯੋਗ ਨਹੀਂ ਕੀਤਾ। ਇਸ ਘਟਨਾ ਤੋਂ ਬਾਅਦ ਰਾਜਨੀਤੀ ਵੀ ਸ਼ੁਰੂ ਹੁੰਦੀ ਦਿਖ ਰਹੀ ਹੈ। ਭਾਜਪਾ ਬੰਗਾਲ ਵਿੱਚ ਇੱਕ ਵਾਰ ਫਿਰ ਮੋਰਚਾ ਕੱਢਣ ਦੀ ਤਿਆਰੀ ਕਰ ਰਹੀ ਹੈ। ਪੱਛਮੀ ਬੰਗਾਲ 'ਚ ਭਾਜਪਾ ਦੇ ਪ੍ਰਧਾਨ ਦਲੀਪ ਘੋਸ਼ ਨੇ ਕਿਹਾ ਹੈ ਕਿ ਉਹ ਇਸ ਘਟਨਾ ਦੇ ਖਿਲਾਫ਼ ਅੰਦੋਲਨ ਕਰਨਗੇ। ਦੱਸ ਦਈਏ ਕਿ ਭਾਜਪਾ ਆਗੂ ਇਸ਼ਰਤ ਜਹਾਂ ਨੂੰ ਕਥਿਤ ਤੌਰ ਉੱਤੇ ਇੱਕ ਹਿੰਦੂ ਧਾਰਮਿਕ ਸਮਾਰੋਹ ਵਿੱਚ ਹਿੱਸਾ ਲੈਣ ਉੱਤੇ ਹਾਵੜਾ ਵਿੱਚ ਉਨ੍ਹਾਂ ਦੇ ਮਕਾਨ ਮਾਲਕ ਵਲੋਂ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ।ਇਸ਼ਰਤ ਨੇ ਦੱਸਿਆ ਕਿ ਮੇਰੇ ਘਰ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਇੱਕਠੀ ਹੋ ਗਈ ਅਤੇ ਮੇਰੇ ਤੋਂ ਪੁੱਛਿਆ ਕਿ ਮੈਂ ਹਿਜ਼ਾਬ ਪਾਕੇ ਹਨੂੰਮਾਨ ਚਾਲੀਸਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਕਿਉਂ ਗਈ? ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੀ ਚਾਰ ਜੁਲਾਈ ਨੂੰ ਸੀਐੱਮ ਮਮਤਾ ਬੈਨਰਜੀ ਤ੍ਰਿਣਮੂਲ ਸੰਸਦ ਮੈਂਬਰ ਨੁਸਰਤ ਜਹਾਂ ਦੇ ਨਾਲ ਜਗਨਨਾਥ ਰੱਥ ਯਾਤਰਾ ਵਿੱਚ ਸ਼ਾਮਿਲ ਹੋਣ ਗਈ ਸੀ। ਇਸ ਦੌਰਾਨ ਵੀ ਨੁਸਰਤ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਗਏ ਸਨ।ਪੂਜਾ ਦੇ ਦੌਰਾਨ ਨੁਸਰਤ ਜਹਾਂ ਨੇ ਕਿਹਾ ਸੀ ਕਿ ਉਹ ਪੈਦਾਇਸ਼ੀ ਮੁਸਲਮਾਨ ਹੈ ਅਤੇ ਇਸਲਾਮ ਵਿੱਚ ਵਿਸ਼ਵਾਸ ਰੱਖਦੀ ਹੈ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਹਰ ਧਰਮ ਦਾ ਆਦਰ ਕਰਦੀ ਹੈ। ਨੁਸਰਤ ਪੱਛਮੀ ਬੰਗਾਲ ਦੀ ਬਸੀਰਹਾਟ ਲੋਕ ਸਭਾ ਸੀਟ ਤੋਂ TMC ਦੀ ਸੰਸਦ ਮੈਂਬਰ ਹੈ।