ਰਾਂਚੀ: ਝਾਰਖੰਡ ਸੂਬੇ ਦੇ ਬਣਨ ਤੋਂ ਬਾਅਦ ਹੀ ਭਾਰਤੀ ਜਨਤਾ ਪਾਰਟੀ ਅਤੇ ਆਲ ਝਾਰਖੰਡ ਸਟੂਡੈਂਟ ਯੂਨੀਅਨ(ਏਜੇਐਸਯੂ) ਦੀ ਯਾਰੀ ਵਿੱਚ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਦਰਾੜ ਆ ਗਈ ਹੈ। ਇਸ ਵੇਲੇ ਸਥਿਤੀ ਇੱਥੇ ਤੱਕ ਪਹੁੰਚ ਗਈ ਹੈ ਕਿ ਭਾਜਪਾ ਦੇ ਸੂਬਾ ਪ੍ਰਧਾਨ ਲਕਸ਼ਮਣ ਗਿਲੁਆ ਦੇ ਸਾਹਮਣੇ ਹੀ ਆਜਸੁ ਨੇ ਆਪਣਾ ਉਮੀਦਵਾਰ ਖੜ੍ਹਾ ਕਰ ਦਿੱਤਾ ਹੈ।
ਬੇਸ਼ੱਕ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਹੋਵੇ ਜਾਂ ਫਿਰ ਨਹੀਂ ਪਰ ਏਜੇਐਸਯੂ ਨੇ ਉਸ ਦਾ ਸਾਥ ਕਦੇ ਨਹੀਂ ਛੱਡਿਆ ਸੀ ਪਰ ਇਸ ਵਾਰ ਵੋਟਾਂ ਵਿੱਚ ਅਜੇ ਤੱਕ ਸੀਟਾਂ ਬਾਰੇ ਕੋਈ ਗੱਲਬਾਤ ਨਹੀਂ ਹੋ ਸਕੀ ਹੈ। ਇਹ ਵੀ ਬਿੜਕਾਂ ਹਨ ਕਿ ਭਾਜਪਾ 12 ਸੀਟਾਂ ਦੇਣ ਨੂੰ ਰਾਜੀ ਹੈ ਪਰ ਆਜਸੁ 19 ਸੀਟਾਂ ਉੱਤੇ ਅੜੀ ਹੋਈ ਹੈ।
ਅਜਿਹੇ ਮਾਹੌਲ ਵਿੱਚ ਆਜਸੁ ਨੇ ਸੋਮਵਾਰ ਨੂੰ 12 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਤੋਂ ਬਾਅਦ ਮੰਗਲਵਾਰ ਸਵੇਰੇ ਦੋਹਾਂ ਪਾਰਟੀਆਂ ਦੇ ਬੁਲਾਰਿਆਂ ਨੇ ਇੱਕ ਦੂਜੇ ਨਾਲ਼ ਮੁਲਾਕਾਤ ਕੀਤੀ ਅਤੇ ਮੁੜ ਤੋਂ ਇਕੱਠੇ ਹੋ ਕੇ ਚੱਲਣ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ।
ਏਜੇਐਸਯੂ ਦੇ ਮੁਖੀ ਸੁਦੇਸ਼ ਮਹਤੋ ਨੇ ਪੱਤਰਕਾਰਾਂ ਨਾਲ਼ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਅਲੱਗ ਚੱਲਣ ਦਾ ਅਜੇ ਤੱਕ ਕੋਈ ਐਲਾਨ ਨਹੀਂ ਹੋਇਆ ਹੈ ਪਰ ਉਨ੍ਹਾਂ ਇਹ ਵੀ ਇੱਕ ਸੰਕੇਤ ਦੇ ਦਿੱਤਾ ਕਿ ਆਜਸੁ ਇਕੱਲੇ ਚੱਲਣ ਲਈ ਵੀ ਤਿਆਰ ਹੈ।
ਮਹਤੋ ਨੇ ਕਿਹਾ ਕਿ ਅਜੇ ਤੱਕ ਸਾਰੀਆਂ ਸੀਟਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਏਜੇਐਸਯੂ ਨੇ ਜਿੰਨ੍ਹਾਂ ਸੀਟਾਂ ਦੀ ਮੰਗ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਬਾਅਦ ਏਜੇਐਸਯੂ ਕੋਲ ਆਪਣੇ ਉਮੀਦਵਾਰ ਖੜ੍ਹੇ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਇਸ ਦੇ ਨਾਲ਼ ਹੀ ਉਨ੍ਹਾਂ ਕਿ ਇਹ ਪੂਰੀ ਗੱਲ ਪਾਰਟੀ ਦੇ ਸਾਹਮਣੇ ਰੱਖ ਦਿੱਤੀ ਗਈ ਹੈ ਅਤੇ ਉਹ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ।