ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੀਆਂ 'ਖ਼ੂਨੀ ਸੜਕਾਂ' ਦਾ ਮੁੱਦਾ ਸੰਸਦ 'ਚ ਉਠਾਉਂਦਿਆਂ ਕਿਹਾ ਕਿ ਦੇਸ਼ ਭਰ 'ਚ ਪੰਜਾਬ ਇੱਕ ਅਜਿਹਾ ਸੂਬਾ ਹੈ, ਜਿੱਥੇ ਰੋਜ਼ਾਨਾ ਦਰਜਨਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਮਾਲੀ ਨੁਕਸਾਨ ਦੇ ਨਾਲ-ਨਾਲ ਕੀਮਤੀ ਜਾਨਾਂ ਵੀ ਜਾਂਦੀਆਂ ਹਨ, ਕਿਉਂਕਿ ਪੰਜਾਬ ਵਿੱਚ ਬਹੁਤੀ ਸੜਕਾਂ ਦੀ ਸਥਿਤੀ ਤਕਨੀਕੀ ਤੌਰ 'ਤੇ ਠੀਕ ਨਹੀਂ ਹੈ।
ਭਗਵੰਤ ਮਾਨ ਨੇ ਸੰਸਦ 'ਚ ਬੋਲਦਿਆਂ ਕਿਹਾ ਕਿ ਜਦੋਂ ਪ੍ਰਸਿੱਧ ਕਲਾਕਾਰ ਜਸਪਾਲ ਭੱਟੀ ਦੀ ਸੜਕ ਹਾਦਸੇ 'ਚ ਮੌਤ ਹੋਈ ਸੀ ਤਾਂ ਸਰਕਾਰ ਨੇ ਪੰਜਾਬ ਵਿਚ 138 'ਬਲੈਕ ਸਪੋਟਾਂ' ਦੀ ਪਹਿਚਾਣ ਕੀਤੀ ਸੀ ਤਾਂ ਕਿ ਇਨ੍ਹਾਂ 'ਬਲੈਕ ਸਪੋਟਾਂ' ਨੂੰ ਦਰੁਸਤ ਕਰਕੇ ਰੋਜ਼ਾਨਾ ਹੁੰਦੇ ਸੜਕ ਹਾਦਸਿਆਂ ਵਿੱਚ ਕਮੀ ਲਿਆਂਦੀ ਜਾ ਸਕੇ, ਪਰੰਤੂ ਅਫ਼ਸੋਸ ਪੰਜਾਬ ਸਰਕਾਰ ਨੇ ਉਕਤ 'ਬਲੈਕ ਸਪੋਟਾਂ' ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਦਰੁਸਤ ਕਰਨ ਦੀ ਬਜਾਏ ਗਿਣਤੀ ਕਰਕੇ ਹੀ ਛੱਡ ਦਿੱਤਾ। ਮਾਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਸੜਕ ਹਾਦਸੇ ਵਿੱਚ ਜਾਨਾਂ ਗਵਾਉਣ ਵਾਲੇ ਪਰਿਵਾਰਾਂ ਦੀ ਬਿਲਕੁਲ ਵੀ ਚਿੰਤਾ ਨਹੀਂ ਹੈ।
ਮਾਨ ਨੇ ਕਿਹਾ ਕਿ ਅਜਿਹਾ ਇੱਕ ਦਿਨ ਵੀ ਨਹੀਂ ਲੰਘਦਾ, ਜਿਸ ਦਿਨ ਸੜਕ ਹਾਦਸੇ ਵਿੱਚ ਕਿਸੇ ਦੀ ਜਾਨ ਨਾ ਗਈ ਹੋਵੇ। ਆਏ ਦਿਨ ਲੋਕ ਖ਼ਸਤਾ ਹਾਲ ਅਤੇ ਖਤਰਨਾਕ ਮੋੜਾਂ ਵਾਲੀਆਂ ਸੜਕਾਂ 'ਤੇ ਆਪਣੀ ਕੀਮਤੀ ਜਾਨਾਂ ਗੁਆ ਰਹੇ ਹਨ। ਮਾਨ ਨੇ ਕਿਹਾ ਕਿ ਮੇਰੇ 4 ਕਰੀਬੀ ਦੋਸਤਾਂ ਨੇ ਵੀ ਸੜਕਾਂ 'ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦੇ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਦਿੱਤੀਆਂ ਹਨ।