ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੋਰਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਆਪ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਦੇ ਛਤਰਪੁਰ ਹਲਕੇ ਤੋਂ ਚੋਣ ਪ੍ਰਚਾਰ ਕੀਤਾ।
'ਆਪ' ਦੀ ਹਨੇਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਥਿਆਰ ਸੁੱਟਣ ਲਈ ਕੀਤਾ ਮਜਬੂਰ: ਭਗਵੰਤ ਮਾਨ - ਦਿੱਲੀ ਚੋਣਾਂ 2020
ਭਗਵੰਤ ਮਾਨ ਨੇ ਦਿੱਲੀ ਦੇ ਛਤਰਪੁਰ ਹਲਕੇ ਤੋਂ ਚੋਣ ਪ੍ਰਚਾਰ ਕਰਦੇ ਦੌਰਾਨ ਕਾਂਗਰਸ 'ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਚੱਲ ਰਹੀ ਹਨੇਰੀ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਗਲੇ ਸਾਰੇ ਚੋਣ ਪ੍ਰਚਾਰ ਪ੍ਰੋਗਰਾਮ ਰੱਦ ਕਰ ਦਿੱਤੇ ਹਨ।
ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਚੋਣਾਂ 'ਚ ਕਾਂਗਰਸ ਤਸੱਲੀਬਖਸ਼ ਹਾਰ ਕਬੂਲ ਕਰ ਚੁੱਕੀ ਹੈ। ਦਿੱਲੀ ਦੀ ਜਨਤਾ ਅਤੇ ਮੀਡੀਆ ਵੱਲੋਂ ਚੋਣ ਚਰਚਾ ਦੌਰਾਨ ਵੀ ਕਾਂਗਰਸ ਦਾ ਨਾਮ ਤੱਕ ਨਹੀਂ ਲਿਆ ਜਾ ਰਿਹਾ। ਇਹੋ ਵਜ੍ਹਾ ਹੈ ਕਿ ਚੋਣ ਪ੍ਰਚਾਰ 'ਤੇ ਦਿੱਲੀ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਬੇਹੱਦ ਫਿੱਕੀਆਂ ਜਨਸਭਾਵਾਂ ਦੌਰਾਨ ਕਾਂਗਰਸ ਦੀ ਦੁਰਗਤੀ ਭਾਂਪਦੇ ਹੋਏ ਆਪਣੇ ਅਗਲੇ ਸਾਰੇ ਚੋਣ ਪ੍ਰਚਾਰ ਪ੍ਰੋਗਰਾਮ ਰੱਦ ਕਰ ਦਿੱਤੇ। ਮਾਨ ਨੇ ਜੋਸ਼ੀਲੇ ਅੰਦਾਜ 'ਚ ਕਿਹਾ, ''ਜਿਵੇਂ ਦਿੱਲੀ 'ਚ 'ਆਪ' ਦੀ ਹਨੇਰੀ ਨੇ ਕਾਂਗਰਸ ਦੇ ਕੈਪਟਨ ਨੂੰ ਹਥਿਆਰ ਸੁੱਟਣ ਲਈ ਮਜਬੂਰ ਕੀਤਾ ਹੈ, ਉਸੇ ਤਰ੍ਹਾਂ 2022 'ਚ ਪੰਜਾਬ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਕਾਂਗਰਸ ਸਮੇਤ ਦੂਜੀਆਂ ਸਾਰੀਆਂ ਪਾਰਟੀਆਂ ਨੂੰ ਚੋਣ ਦੰਗਲ ਦੇ ਵਿੱਚ-ਵਿਚਾਲੇ ਹੀ ਹਥਿਆਰ ਸੁੱਟਣ ਲਈ ਮਜਬੂਰ ਕਰ ਦੇਵੇਗੀ।
ਮਾਨ ਨੇ ਆਪਣੇ ਸੰਬੋਧਨਾਂ ਦੌਰਾਨ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਫਰਤੀ ਅਤੇ ਫਿਰਕੂ ਦਾਅ ਖੇਡ ਰਹੀ ਭਾਜਪਾ ਨੂੰ ਕਰਾਰੀ ਹਾਰ ਦੇਣ ਲਈ ਦਿੱਲੀ ਦੇ ਕਾਂਗਰਸੀ ਕਾਂਗਰਸ ਨੂੰ ਆਪਣਾ ਵੋਟ ਪਾ ਕੇ ਵੋਟ ਖਰਾਬ ਨਾ ਕਰਨ ਅਤੇ ਕੇਜਰੀਵਾਲ ਦੇ ਵਿਕਾਸਮੁਖੀ ਮਾਡਲ 'ਤੇ ਮੋਹਰ ਲਗਾਉਣ। ਇਸ ਮੌਕੇ ਭਗਵੰਤ ਮਾਨ ਨਾਲ ਮਹਿਰੌਲੀ ਅਤੇ ਜੰਗਪੁਰਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਛਤਰਪੁਰ 'ਚ 'ਆਪ' ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਕਾਲਕਾ ਜੀ 'ਚ ਅਮਨ ਅਰੋੜਾ ਵੀ ਮੌਜੂਦ ਸਨ।