ਨਵੀਂ ਦਿੱਲੀ : ਸੰਸਦ ਮੈਂਬਰ ਭਗਵੰਤ ਮਾਨ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਅੱਜ ਲੋਕ ਸਭਾ ਦੇ ਬਾਹਰ ਯੈੱਸ ਬੈਂਕ ਮਾਮਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਸਾਰਿਆਂ ਨੇ ਬੀਜੇਪੀ ਸਰਕਾਰ ਦੀ ਵਿਰੋਧਤਾ ਕਰਦੇ ਹੋਏ ਮਿਲ ਕੇ 'ਯੈੱਸ ਬੈਂਕ ਲੁੱਟਣ ਵਾਲਿਆਂ ਨੂੰ, ਜੇਲ੍ਹ 'ਚ ਭੇਜੋ **** ਨੂੰ' ਦੇ ਨਾਅਰੇ ਲਾਏ, ਨਾਲ ਹੀ ਉਨ੍ਹਾਂ ਨੇ ਮੋਦੀ ਸਰਕਾਰ ਹੋਸ਼ ਵਿੱਚ ਆਓ ਦੇ ਨਾਅਰੇ ਵੀ ਲਾਏ।
ਉਨ੍ਹਾਂ ਨੇ ਕਿਹਾ ਕਿ ਯੈੱਸ ਬੈਂਕ ਤਾਂ ਹੁਣ ਨੋ ਬੈਂਕ ਬਣ ਗਿਆ ਹੈ। ਯੈੱਸ ਬੈਂਕ ਨੇ ਦੇਸ਼ ਦੇ ਲੋਕਾਂ ਦਾ, ਸਰਕਾਰੀ ਮੁਲਾਜ਼ਮਾਂ, ਪੈਨਸ਼ਰਨਾਂ ਦਾ ਪੈਸਾ ਲੁੱਟ ਲਿਆ ਹੈ। ਇਹ ਸਭ ਬੀਜੇਪੀ ਦੇ ਕਹਿਣ ਉੱਤੇ ਹੋ ਰਿਹਾ ਹੈ, ਬੀਜੇਪੀ ਅੰਦਰ ਖ਼ਾਤੇ ਪੈਸਾ ਲੈ ਰਹੀ ਹੈ ਅਤੇ ਬੈਂਕਾਂ ਨੂੰ ਬੰਦ ਕਰ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਇਹ ਤਾਂ ਦੇਸ਼ ਦੇ ਲੋਕਾਂ ਨਾਲ ਮਜ਼ਾਕ ਹੀ ਹੋ ਰਿਹਾ ਹੈ। ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੋਟਬੰਦੀ ਕਰ ਕੇ ਲੋਕਾਂ ਦਾ ਪੈਸਾ ਲੁੱਟ ਲੈਂਦੇ ਹਨ, ਕਦੇ ਦੇਸ਼ ਦਾ ਪੈਸਾ ਨੀਰਵ ਮੋਦੀ ਲੁੱਟ ਕੇ ਭੱਜ ਗਿਆ ਅਤੇ ਕਦੇ ਮਾਲਿਆ ਦੇਸ਼ ਦਾ ਪੈਸਾ ਲੁੱਟ ਕੇ ਭੱਜ ਗਿਆ।