ਚੰਡੀਗੜ੍ਹ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਰਤੀ ਵਿਦੇਸ਼ ਮੰਤਰਾਲਾ ਨੂੰ ਵੱਖ-ਵੱਖ ਦੇਸ਼ਾਂ ਦੇ ਹਵਾਈ ਅੱਡਿਆਂ 'ਤੇ ਫਸੇ ਭਾਰਤੀਆਂ ਨੂੰ ਵਾਪਸ ਵਤਨ ਲਿਆਉਣ ਲਈ ਵਿਸ਼ੇਸ਼ ਕਦਮ ਉਠਾਉਣ ਦੀ ਮੰਗ ਕੀਤੀ ਹੈ। ਭਗਵੰਤ ਮਾਨ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਏਅਰਪੋਰਟ 'ਤੇ ਫਸੇ ਲਗਭਗ 250 ਤੋਂ 300 ਭਾਰਤੀਆਂ ਦੇ ਹਵਾਲੇ ਨਾਲ ਕੇਂਦਰ ਸਰਕਾਰ ਨੂੰ ਕਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਵਿਸ਼ਵ-ਵਿਆਪੀ ਦਹਿਸ਼ਤ ਕਾਰਨ ਕੌਮਾਂਤਰੀ ਉਡਾਣਾਂ ਬੁਰੀ ਤਰਾਂ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਭਾਰੀ ਗਿਣਤੀ 'ਚ ਲੋਕ ਹਵਾਈ ਅੱਡਿਆਂ 'ਤੇ ਹੀ ਫਸ ਗਏ ਹਨ, ਜਿਨ੍ਹਾਂ ਵਿੱਚ ਕੁਆਲਾਲੰਪੁਰ 'ਚ ਫਸੇ ਭਾਰਤੀਆਂ 'ਚ ਪੰਜਾਬੀ ਵੀ ਸ਼ਾਮਲ ਹਨ।
ਪਿਛਲੇ ਕਈ ਦਿਨਾਂ ਤੋਂ ਉੱਥੇ ਫਸੇ ਇਨ੍ਹਾਂ ਭਾਰਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਭਾਰਤ ਸਰਕਾਰ 'ਤੇ ਆਪਣੇ ਦੇਸ਼ ਦੇ ਨਾਗਰਿਕਾਂ ਲਈ ਗ਼ੈਰ-ਜ਼ਿੰਮੇਵਾਰਨਾ ਰਵੱਈਆ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦਾ ਮਾਮਲਾ ਤੁਰੰਤ ਕੇਂਦਰ ਸਰਕਾਰ ਕੋਲ ਉਠਾਉਣ ਤਾਂ ਕਿ ਉਨ੍ਹਾਂ ਨੂੰ ਦੇਸ਼ ਵਾਪਸ ਲਿਆਉਣ ਲਈ ਤੁਰੰਤ ਵਿਸ਼ੇਸ਼ ਪ੍ਰਬੰਧ ਹੋ ਸਕਣ।