ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਵਿਰੋਧ ਇਸ ਤਰ੍ਹਾਂ ਹੀ ਜਾਰੀ ਰਹੇਗਾ। ਦੱਸ ਦਈਏ ਕਿ ਸੰਸਦ ਦੇ ਸੈਂਟਰਲ ਹਾਲ ਵਿੱਚ ਪੰਡਿਤ ਮੋਹਨ ਮਾਲਵੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਯੰਤੀ ਮੌਕੇ ਪ੍ਰਧਾਨ ਮੰਤਰੀ ਮੋਦੀ ਸ਼ਰਧਾਂਜਲੀ ਦੇਣ ਪੁੱਜੇ ਸਨ, ਜਿਥੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਕਿਉਂਕਿ ਪ੍ਰਧਾਨ ਮੰਤਰੀ ਸਿਰਫ਼ 'ਵਨ ਵੇਅ ਕਮਿਊਨੀਕੇਸ਼ਨ' ਕਰਦੇ ਹਨ, ਉਨ੍ਹਾਂ ਕੋਲ ਸੈਂਟਰਲ ਹਾਲ ਦੇ ਪ੍ਰੋਗਰਾਮ ਵਿੱਚ ਆਵਾਜ਼ ਚੁੱਕਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਉਹ ਕਿਸਾਨਾਂ ਦੀ ਆਵਾਜ਼ ਚੁੱਕਣ ਆਏ ਹਨ। ਹਾਲਾਂਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸੁਣਨਾ ਜ਼ਰੂਰੀ ਨਹੀਂ ਸਮਝਿਆ।
'ਚੁੱਕਦੇ ਰਹਾਂਗੇ ਕਿਸਾਨਾਂ ਦੀ ਆਵਾਜ਼'
ਇਸ ਮੌਕੇ ਪੱਤਰਕਾਰ ਵਾਰਤਾ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਉਹ ਜਿਹੜੇ ਇਲਾਕੇ ਤੋਂ ਆਏ ਹਨ, ਉਥੇ ਸਭ ਤੋਂ ਜ਼ਿਆਦਾ ਝੋਨੇ ਦੀ ਕਾਸ਼ਤ ਹੁੰਦੀ ਹੈ। ਵੱਡੀ ਗਿਣਤੀ ਵਿੱਚ ਕਿਸਾਨ ਉਨ੍ਹਾਂ ਨੂੰ ਮਿਲੇ ਹਨ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਦਰਜ ਕਰਵਾ ਕੇ ਗਏ ਹਨ। ਉਹ ਇੱਕ ਚੁਣੇ ਹੋਏ ਨੁਮਾਹਿੰਦੇ ਹਨ, ਇਸ ਲਈ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਸੀ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਪਰ ਉਹ ਕਿਸਾਨਾਂ ਦੀ ਆਵਾਜ਼ ਚੁੱਕਣੀ ਬੰਦ ਨਹੀਂ ਕਰਨਗੇ।