ਹੈਦਰਾਬਾਦ : ਚੀਨ ਵੱਲੋਂ ਭਾਰਤੀ ਸਰਹੱਦ ਅੰਦਰ ਪਿਛਲੇ ਸਾਲਾਂ ਦੌਰਾਨ ਘੁਸਪੈਠ ਦੀਆਂ ਘਟਨਾਵਾਂ ਵਿੱਚ ਲਗਾਤਾਰ ਇਜ਼ਾਫਾ ਹੋਇਆ ਹੈ। ਰਿਪੋਰਟਾਂ ਮੁਤਾਬਿਕ 2018 ਵਿੱਚ 408 ਘੁਸਪੈਠ ਦੀਆਂ ਘਟਨਾਵਾਂ ਹੋਈਆਂ ਜਦੋਂਕਿ 2019 ਵਿੱਚ ਚੀਨ ਨੇ 663 ਵਾਰ ਸਰਹੱਦ 'ਤੇ ਘੁਸਪੈਠ ਕੀਤੀ।
ਸਰਹੱਦ ਦਾ ਮੁੱਦਾ ਫੇਰ ਭਖਿਆ ਹੋਇਆ ਹੈ ਪਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ 1975 ਤੋਂ ਲੈ ਕੇ ਹੁਣ ਤੱਕ ਭਾਰਤ-ਚੀਨ ਅਸਲ ਕੰਟਰੋਲ ਰੇਖਾ 'ਤੇ ਇੱਕ ਵੀ ਗੋਲੀ ਨਹੀਂ ਚੱਲੀ ਪਰ ਸਰਹੱਦਾਂ 'ਤੇ ਦੋਵਾਂ ਧਿਰਾਂ ਵੱਲੋਂ ਕੀਤੀ ਜਾ ਰਹੀ ਕਹਾ-ਸੁਣੀ ਨਾਲ ਫੌਜਾਂ ਦਾ ਸਬਰ ਵੀ ਟੁੱਟ ਸਕਦਾ ਹੈ ਜਿਹੜਾ ਕਿਸੇ ਵੱਡੇ ਸੰਕਟ ਨੂੰ ਜਨਮ ਦੇ ਸਕਦਾ ਹੈ। ਇਸ ਵੇਲੇ ਚੰਗਾ ਇਹੀ ਹੋਵੇਗਾ ਕਿ ਸਰਹੱਦਾਂ ਦੀ ਰਾਖੀ ਲਈ ਫੌਜੀ ਪ੍ਰਕਿਰਿਆਵਾਂ ਅਤੇ ਪ੍ਰੋਟੋਕਾਲ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਜਾਏ ਤਾਂ ਜੋ ਅਸਲ ਕੰਟਰੋਲ ਰੇਖਾ ਦੀ ਹੱਦਬੰਦੀ ਯਕੀਨੀ ਬਣਾਉਣ ਦੇ ਨਾਲ-ਨਾਲ ਕਿਸੇ ਵੀ ਫੌਜੀ ਸੰਘਰਸ਼ ਤੋਂ ਬਚਿਆ ਜਾ ਸਕੇ।
ਭਾਰਤ ਸਰਕਾਰ ਦੇ ਕੈਬਨਿਟ ਵੱਲੋਂ ਬਣਾਈ ਗਈ ਕਾਰਗਿਲ ਸਮੀਖਿਆ ਨੇ ਸਰਹੱਦੀ ਰੱਖ-ਰਖਾਅ ਸਮੇਤ ਕੌਮੀ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ 'ਤੇ ਗੌਰ ਕਰਨ ਤੋਂ ਬਾਅਦ ਇੱਕ ਰਿਪੋਰਟ ਸਾਹਮਣੇ ਰੱਖੀ ਸੀ। ਉਨ੍ਹਾਂ ਦੀ ਰਿਪੋਰਟ ਵਿੱਚ ਵਿਸਥਾਰ ਵਿੱਚ ਦੱਸਿਆ ਗਿਆ ਹੈ।
ਮੌਜੂਦਾ ਸਮੇਂ ਵਿੱਚ ਇੱਕ ਹੀ ਸਰਹੱਦ 'ਤੇ ਇੱਕ ਤੋਂ ਵਧੇਰੇ ਸੁਰੱਖਿਆ ਬਲ ਤਾਕਤਾਂ ਕੰਮ ਕਰ ਰਹੀਆਂ ਹਨ ਅਤੇ ਕਮਾਂਡ ਅਤੇ ਕੰਟਰੋਲ 'ਤੇ ਚਲ ਰਹੀ ਖਿੱਚੋਤਾਣ ਉੱਤੇ ਸਵਾਲ ਵੀ ਅਕਸਰ ਚੁੱਕੇ ਜਾਂਦੇ ਰਹੇ ਹਨ। ਇੱਕ ਹੀ ਸਰਹੱਦ 'ਤੇ ਸੁਰੱਖਿਆ ਬਲਾਂ ਦੀ ਵਧੀ ਗਿਣਤੀ ਕਾਰਨ ਵੀ ਫੌਜ ਵੱਲੋਂ ਜਵਾਬਦੇਹੀ ਦੀ ਕਮੀ ਦੇਖੀ ਗਈ ਹੈ। ਜਵਾਬਦੇਹੀ ਨੂੰ ਲਾਗੂ ਕਰਨ ਲਈ ਸਰਹੱਦ 'ਤੇ ਬਲਾਂ ਦੀ ਤੈਨਾਤੀ 'ਤੇ ਵਿਚਾਰ ਕਰਨ ਲਈ 'ਇੱਕ ਸਰਹੱਦ ਇੱਕ ਸੁਰੱਖਿਆ ਬਲ' ਦੇ ਸਿਧਾਂਤ ਨੂੰ ਅਪਣਾਇਆ ਜਾ ਸਕਦਾ ਹੈ।
ਫਿਲਹਾਲ ਅਸਲ ਕੰਟਰੋਲ ਰੇਖਾ 'ਤੇ ਭਾਰਤ-ਤਿੱਬਤ ਸੀਮਾ ਪੁਲਿਸ ਦੋਵੇਂ ਹੀ ਤੈਨਾਤ ਹਨ ਅਤੇ ਗਸ਼ਤ ਕਰਨ, ਨਿਗਰਾਨੀ ਰੱਖਣ ਅਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਦਾ ਜਵਾਬ ਦੇਣ ਵਰਗੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਸਰਹੱਦ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਭਾਰਤ-ਤਿੱਬਤ ਸੀਮਾ ਪੁਲਿਸ ਕੋਲ ਹੈ ਪਰ ਕਿਸੇ ਵੀ ਸੰਘਰਸ਼ ਦੀ ਸਥਿਤੀ ਵਿੱਚ ਜਿਵੇਂ ਕਿ ਪਹਿਲਾਂ ਦੇਪਸਾਂਗ, ਚੁਮਾਰ ਅਤੇ ਡੋਕਲਾਮ ਸਾਹਮਣੇ ਆਈ ਜਾਂ ਜਿਵੇਂ ਕਿ ਮੌਜੂਦਾ ਸਮੇਂ ਵਿੱਚ ਦੇਖਿਆ ਜਾ ਰਿਹਾ ਹੈ, ਭਾਰਤੀ ਫੌਜ ਹੀ ਸਰਹੱਦ ਉੱਤੇ ਮੋਰਚਾ ਸੰਭਾਲਦੀ ਹੈ। ਅਸਲ ਕੰਟਰੋਲ ਰੇਖਾ 'ਤੇ ਚੀਨੀ ਫੌਜ ਦੇ ਨਾਲ ਬੈਠਕਾਂ, ਉਹ ਚਾਹੇ ਰਸਮੀ ਹੋਣ ਜਾਂ ਸੰਕਟ ਤੋਂ ਪ੍ਰੇਰਿਤ, ਭਾਰਤੀ ਫੌਜ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ ਹੀ ਹੁੰਦੀਆਂ ਹਨ।
ਭਾਰਤ-ਚੀਨ ਇੱਕ ਅਣਸੁਲਝੀ ਸਰਹੱਦ ਹੈ ਜਿਸ 'ਤੇ ਦੋ ਵੱਖ-ਵੱਖ ਸੁਰੱਖਿਆ ਬਲ ਤੈਨਾਤ ਹਨ, ਜੋ ਵੱਖ-ਵੱਖ ਮੰਤਰਾਲਿਆਂ ਨੂੰ ਜਵਾਬਦੇਹ ਹਨ, ਸਮਰੱਥਾਵਾਂ ਦੇ ਵਿਕਾਸ ਦੀਆਂ ਦੋਵਾਂ ਦੀਆਂ ਆਪਣੀਆਂ ਵੱਖ-ਵੱਖ ਯੋਜਨਾਵਾਂ ਹਨ। ਇਹ ਸੰਸਾਧਨਾਂ ਦੇ ਕੁਸ਼ਲ ਉਪਯੋਗ ਵਿੱਚ ਅੜਿੱਕਾ ਪਾਉਂਦੀਆਂ ਹਨ ਅਤੇ ਜਵਾਬਦੇਹੀ ਵੀ ਸੁਚਾਰੂ ਤਰੀਕੇ ਨਾਲ ਨਹੀਂ ਹੋ ਪਾਉਂਦੀ।
ਵਿਵਾਦਿਤ ਸਰਹੱਦਾਂ ਨੂੰ ਫੌਜ ਦੇ ਹੱਥਾਂ ਵਿੱਚ ਦੇਣਾ ਚਾਹੀਦਾ ਹੈ ਜਿਨ੍ਹਾਂ ਕੋਲ ਔਖੀਆਂ ਘੜੀਆਂ ਵਿੱਚ ਕੁਸ਼ਲਤਾਪੂਰਵਕ ਸਥਿਤੀ ਸੰਭਾਲਣ ਦੀ ਪੂਰੀ ਸਮਰੱਥਾ ਹੁੰਦੀ ਹੈ ਅਤੇ ਭਾਰਤ-ਤਿੱਬਤ ਸੀਮਾ ਪੁਲਿਸ ਨੂੰ ਉਸਦੀ ਕਮਾਂਡ ਹੇਠਾਂ ਰੱਖਿਆ ਜਾਣਾ ਚਾਹੀਦਾ ਹੈ। ਅਜਿਹੀ ਵਿਵਸਥਾ ਪਾਕਿਸਤਾਨ ਦੇ ਨਾਲ ਕੰਟਰੋਲ ਰੇਖਾ 'ਤੇ ਪਹਿਲਾਂ ਤੋਂ ਹੀ ਮੌਜੂਦ ਹੈ ਜਿੱਥੇ ਬੀਐਸਐਫ਼, ਭਾਰਤੀ ਫੌਜ ਦੀ ਕਮਾਂਡ ਹੇਠ ਕੰਮ ਕਰ ਰਹੀ ਹੈ।
ਸਰਹੱਦ 'ਤੇ ਵਿਆਪਕ ਨਿਗਰਾਨੀ ਰੱਖਣ ਦੀ ਸਾਡੀ ਸਮਰੱਥਾ ਉੱਤੇ ਬਹੁਤ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ। ਉੱਥੋਂ ਦਾ ਇਲਾਕਾ ਅਤੇ ਮੌਸਮ ਅਜਿਹਾ ਕਰਨ ਵਿੱਚ ਅੜਿੱਕਾ ਪਾਉਂਦੇ ਹਨ, ਸੜਕਾਂ ਦੀ ਕਮੀ ਵੀ ਜ਼ਰੂਰਤ ਦੇ ਹਿਸਾਬ ਨਾਲ ਵਾਰ-ਵਾਰ ਅਸਲ ਕੰਟਰੋਲ ਰੇਖਾ 'ਤੇ ਖ਼ੁਦ ਨਿਗਰਾਨੀ ਰੱਖਣ ਦੀ ਸਮਰੱਥਾ ਵਿੱਚ ਵੀ ਅੜਿੱਕਾ ਪਾਉਂਦੇ ਹਨ।