ਚੰਡੀਗੜ੍ਹ: 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌ਼ਜ ਦੀ ਸਿੱਖ ਰੈਜੀਮੈਂਟ ਅਤੇ ਅਫ਼ਗਾਨੀਆਂ ਵਿਚਾਲੇ ਸਾਰਾਗੜ੍ਹੀ ਕਿਲ੍ਹੇ ਨੂੰ ਲੈ ਕੇ ਯੁੱਧ ਹੋਇਆ ਸੀ। ਇਸੇ ਕਾਰਨ 12 ਸਤੰਬਰ ਨੂੰ ਸਾਰਾਗੜ੍ਹੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। 21 ਸਿੱਖ ਫ਼ੌਜੀਆਂ ਨੇ 10 ਹਜ਼ਾਰ ਤੋਂ ਵੀ ਜ਼ਿਆਦਾ ਅਫ਼ਗਾਨੀਆਂ ਨਾਲ ਯੁੱਧ ਕਰ ਕੇ ਬਹਾਦਰੀ ਅਤੇ ਕੁਰਬਾਨੀ ਦੀ ਅਨੋਖੀ ਮਿਸਾਲ ਪੇਸ਼ ਕੀਤੀ ਸੀ।
ਸਾਰਾਗੜ੍ਹੀ ਇੱਕ ਛੋਟਾ ਜਿਹਾ ਪਿੰਡ ਸੀ ਜੋ ਸਾਰਾਗੜ੍ਹੀ ਦੇ ਯੁੱਧ ਸਮੇਂ ਉੱਤਰ ਪੱਛਮੀ ਪ੍ਰਾਂਤ ਵਿੱਚ ਸਥਿਤ ਸੀ। ਉੱਥੇ ਉਸ ਸਮੇਂ ਸਾਰਾਗੜ੍ਹੀ ਕਿਲ੍ਹੇ ਵਿੱਚ 22 ਫ਼ੌਜੀ ਤਾਇਨਾਤ ਸਨ ਜਿਨ੍ਹਾਂ ਵਿੱਚੋਂ ਇੱਕ ਲਾਂਗਰੀ ਸੀ। ਇਹ ਸਾਰੇ ਬ੍ਰਿਟਿਸ਼ ਭਾਰਤੀ ਫ਼ੌਜ ਦੀ 36ਵੀਂ ਸਿੱਖ ਰੈਜਿਮੈਂਟ ਦੇ ਫ਼ੌਜੀ ਸਨ।
12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਖ਼ਬਰ ਦਿੱਤੀ ਸੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ ਅਤੇ ਉਸ ਸਮੇਂ ਇਨ੍ਹਾਂ ਸਾਰੇ ਫ਼ੌਜੀਆਂ ਦੀ ਅਗਵਾਈ ਹਵਲਦਾਰ ਈਸ਼ਰ ਸਿੰਘ ਕਰ ਰਹੇ ਸਨ। ਉਨ੍ਹਾਂ ਆਪਣੇ ਸਿਗਨਲ ਮੈਨ ਗੁਰਮੁਖ ਸਿੰਘ ਨੂੰ ਹੁਕਮ ਕੀਤਾ ਕਿ ਉਹ ਨੇੜਲੇ ਕਿਲ੍ਹੇ ਲੋਕਹਾਰਟ ਵਿੱਚ ਤਾਇਨਾਤ ਅੰਗਰੇਜ਼ੀ ਅਧਿਕਾਰੀਆਂ ਨੂੰ ਇਨ੍ਹਾਂ ਹਾਲਾਤਾਂ ਬਾਰੇ ਇਤਲਾਹ ਕਰੇ ਅਤੇ ਕੀ ਹੁਕਮ ਹਨ ਇਹ ਵੀ ਦੱਸੇ।
ਉਸ ਸਮੇਂ ਲੋਕਹਾਰਟ ਕਿਲ੍ਹੇ ਵਿੱਚ ਕਰਨਲ ਹਾਟਨ ਤਾਇਨਾਤ ਸਨ ਜਿਸ ਨੇ ਹੁਕਮ ਦਿੱਤਾ ਕਿ ਉਹ ਸਾਰੇ ਕਿਲ੍ਹੇ ਅੰਦਰ ਡਟੇ ਰਹਿਣ। ਅਫ਼ਗਾਨੀਆਂ ਨੇ ਸਾਰਾਗੜ੍ਹੀ ਦੇ ਕਿਲ੍ਹੇ ਨੂੰ ਤਿੰਨਾਂ ਪਾਸਿਆਂ ਤੋਂ ਘੇਰ ਲਿਆ। ਉਸ ਸਮੇਂ ਲੋਕਹਾਰਟ ਕਿਲ੍ਹੇ ਤੋਂ ਸਾਰਾਗੜ੍ਹੀ ਤੱਕ ਮਦਦ ਭੇਜਣ ਵਿੱਚ ਸਮਾਂ ਲੱਗਣਾ ਸੀ ਅਤੇ 21 ਸਿੱਖਾਂ ਨੇ ਮੋਰਚਾ ਸੰਭਾਲਦਿਆਂ 10 ਹਜ਼ਾਰ ਤੋਂ ਵੀ ਜ਼ਿਆਦਾ ਅਫ਼ਗਾਨੀਆਂ ਨਾਲ ਮੁਕਾਬਲਾ ਕਰਕੇ ਸਾਰਾਗੜ੍ਹੀ ਦਾ ਕਿਲ੍ਹਾ ਫ਼ਤਿਹ ਕੀਤਾ।