ਨਵੀਂ ਦਿੱਲੀ: ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਉੱਤਰ-ਪੂਰਬ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਕਾਰਨ ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਵੀ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅੱਜ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏਕੇ ਅਬਦੁੱਲ ਮੋਮਨ ਨੇ ਆਪਣੀ ਭਾਰਤ ਯਾਤਰਾ ਰੱਦ ਕਰ ਦਿੱਤੀ ਸੀ। ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਸ਼ੁੱਕਰਵਾਰ ਨੂੰ ਮੇਘਾਲਿਆ ਵਿੱਚ ਇੱਕ ਸਮਾਗਮ 'ਚ ਸ਼ਾਮਲ ਹੋਣਾ ਸੀ।
CAB 'ਤੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਤੇ ਗ੍ਰਹਿ ਮੰਤਰੀ ਨੇ ਰੱਦ ਕੀਤਾ ਭਾਰਤ ਦੌਰਾ
ਭਾਰਤੀ ਸੰਸਦ ਵਿੱਚ ਨਾਗਰਿਕਤਾ ਸੋਧ ਬਿੱਲ ਦੇ ਪਾਸ ਹੋਣ ਮਗਰੋਂ ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪ੍ਰੋਗਰਾਮ ਵਿੱਚ ਤਬਦੀਲੀ ਬੰਗਲਾਦੇਸ਼ ਦੇ ‘ਵਿਜੈ ਦਿਵਸ’ ਦੀ ਯਾਦ ਵਿੱਚ 16 ਦਸੰਬਰ ਨੂੰ ਹੋਣ ਵਾਲੇ ਪ੍ਰੋਗਰਾਮਾਂ ਕਾਰਨ ਕੀਤੀ ਗਈ ਹੈ।
ਕੂਟਨੀਤਕ ਸੂਤਰਾਂ ਮੁਤਾਬਕ ਸੰਸਦ ਵਿੱਚ ਨਾਗਰਿਕਤਾ ਸੋਧ ਬਿੱਲ ਪਾਸ ਹੋਣ ਨਾਲ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਉਨ੍ਹਾਂ ਨੇ ਆਪਣਾ ਦੌਰਾ ਰੱਦ ਕੀਤਾ ਹੈ, ਹਾਲਾਂਕਿ ਇੱਕ ਬਿਆਨ ਵਿੱਚ ਮੋਮਨ ਨੇ ਕਿਹਾ ਕਿ ਉਸ ਨੂੰ ਆਪਣੀਆਂ ਰੁਝੇਵਿਆਂ ਕਾਰਨ ਭਾਰਤ ਦੀ ਯਾਤਰਾ ਰੱਦ ਕਰਨੀ ਪਈ।
ਇਸ ਤੋਂ ਪਹਿਲਾਂ ਬੰਗਲਾਦੇਸ਼ੀ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਨੂੰ ਰੱਦ ਕਰਨ ਬਾਰੇ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਸੀ। ਭਾਰਤ ਦਾ ਕਹਿਣਾ ਹੈ ਕਿ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਨੂੰ ਰੱਦ ਕਰਨ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਪ੍ਰਭਾਵਤ ਨਹੀਂ ਹੋਣਗੇ ਅਤੇ ਉਹ ਮਜ਼ਬੂਤ ਰਹਿਣਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਸ ਮੁੱਦੇ ‘ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਭਾਰਤ-ਬੰਗਲਾਦੇਸ਼ ਸਬੰਧ ਮਜ਼ਬੂਤ ਹਨ। ਰਵੀਸ਼ ਕੁਮਾਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਬੰਗਲਾਦੇਸ਼ੀ ਪੱਖ ਨੇ ਸਾਨੂੰ ਸੂਚਿਤ ਕੀਤਾ ਹੈ ਕਿ ਪ੍ਰੋਗਰਾਮ ਵਿੱਚ ਤਬਦੀਲੀ ਬੰਗਲਾਦੇਸ਼ ਦੇ ‘ਵਿਜੈ ਦਿਵਸ’ ਦੀ ਯਾਦ ਵਿੱਚ 16 ਦਸੰਬਰ ਨੂੰ ਹੋਣ ਵਾਲੇ ਘਰੇਲੂ ਪ੍ਰੋਗਰਾਮਾਂ ਕਾਰਨ ਹੋਈ ਸੀ।