ਹੈਦਰਾਬਾਦ: ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਪਬਜੀ ਸਮੇਤ 118 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਹੈ। ਭਾਰਤ ਇਕਲੌਤਾ ਦੇਸ਼ ਨਹੀਂ ਹੈ ਜਿੱਥੇ ਇਸ ਗੇਮ 'ਤੇ ਪਾਬੰਦੀ ਲਗਾਈ ਗਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਵਿੱਚ ਆਨਲਾਈਨ ਮੋਬਾਈਲ ਗੇਮਜ਼ 'ਤੇ ਪਾਬੰਦੀ ਲਗਾਈ ਗਈ ਹੈ।
ਕੀ ਹੈ ਪਬਜੀ ਗੇਮ
ਪਲੇਅਰ ਅਣਨੋਨ ਬੈਟਲਗਰਾਉਂਡ ਜਾਂ ਪਬਜੀ ਇੱਕ ਬੈਟਲ ਰਾਇਲ ਗੇਮ ਹੈ, ਜੋ ਕਿ ਪੀਸੀ ਅਤੇ ਗੇਮਿੰਗ ਕੰਸੋਲ ਲਈ ਸਾਲ 2017 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਇਸ ਦੀ ਸ਼ੁਰੂਆਤ ਤੋਂ ਤੁਰੰਤ ਬਾਅਦ ਦੁਨੀਆ ਦੀ ਸਭ ਤੋਂ ਮਸ਼ਹੂਰ ਗੇਮ ਬਣ ਗਈ।
ਇਹ ਖੇਡ 100 ਖਿਡਾਰੀਆਂ ਨੂੰ ਇੱਕ ਦੂਜੇ ਨਾਲ ਮੁਕਾਬਲਾ ਕਰਨ ਦੀ ਆਗਿਆ ਦਿੰਦੀ ਹੈ। ਇਸ ਖੇਡ ਵਿੱਚ ਆਖ਼ੀਰ ਤੱਕ ਜਿੰਦਾ ਰਹਿਣ ਵਾਲੇ ਨੂੰ ਚਿਕਨ ਡਿਨਰ ਮਿਲਦਾ ਹੈ।
ਪਬਜੀ ਨਿਰਮਾਤਾ ਬ੍ਰੈਂਡਨ ਗ੍ਰੀਨ ਨੇ ਹੋਰ ਮਸ਼ਹੂਰ ਗੇਮਾਂ ਜਿਵੇਂ ਕਿ ਏਆਰਐਮਏ 2 ਅਤੇ ਡੇ-ਜ਼ੈੱਡ ਬੈਟਲ ਰਾਇਲ ਵੀ ਬਣਾਈਆਂ ਹਨ।
ਇਸ ਗੇਮ ਨੂੰ ਪਬਜੀ ਕਾਰਪੋਰੇਸ਼ਨ ਦੁਆਰਾ ਤਿਆਰ ਕੀਤਾ ਗਿਆ ਸੀ, ਜੋ ਕਿ ਇੱਕ ਕੋਰੀਆ ਦੇ ਖੇਡ ਡੇਵਲਪਰ, ਬਲੂਹੋਲ ਦੀ ਸਹਾਇਕ ਹੈ।
ਕਿਹੜੇ ਦੇਸ਼ ਤੋਂ ਆਈ ਪਬਜੀ
ਕੋਰੀਆਈ ਡੇਵਲਪਰ ਨੇ ਖੇਡ ਬਾਜ਼ਾਰ ਵਿੱਚ ਦਾਖ਼ਲ ਹੋਣ ਲਈ ਚੀਨ ਦੀ ਸਭ ਤੋਂ ਵੱਡੀ ਖੇਡ ਕੰਪਨੀ ਟੈਨਸੈਂਟ ਨਾਲ ਭਾਈਵਾਲੀ ਕੀਤੀ।
ਟੈਨਸੈਂਟ ਨੇ ਪਬਜੀ ਦਾ ਮੋਬਾਈਲ ਵਰਜ਼ਣ ਪੇਸ਼ ਕੀਤਾ। ਇਹ ਖੇਡ ਚੀਨ ਵਿੱਚ ਮਸ਼ਹੂਰ ਹੋ ਗਈ, ਪਰ ਇਸ ਨੂੰ ਡੀਮੋਨਾਈਜ਼ ਕਰਨ ਲਈ ਚੀਨੀ ਸਰਕਾਰ ਦੀ ਮਨਜ਼ੂਰੀ ਨਹੀਂ ਮਿਲੀ।
ਪਬਜੀ ਦਾ ਮਾਲੀਆ
ਬੈਟਲ ਰਾਇਲ ਟਾਈਟਲ ਗੇਮ ਪਬਜੀ ਮੋਬਾਈਲ ਨੇ ਇਸ ਸਾਲ 2020 ਦੇ ਪਹਿਲੇ ਅੱਧ ਵਿੱਚ ਲਗਭਗ 9,731 ਕਰੋੜ ਰੁਪਏ ਦੀ ਗਲੋਬਲ ਕਮਾਈ ਕੀਤੀ ਹੈ। ਇਸਦੇ ਨਾਲ ਹੀ ਪਬਜੀ ਦਾ ਲਾਈਫ਼ ਟਾਇਮ ਕੁਲੈਕਸ਼ਨ ਲਗਭਗ 22,457 ਕਰੋੜ ਹੋ ਚੁੱਕਾ ਹੈ।
ਪਬਜੀ ਮੋਬਾਈਲ ਨੇ ਮਾਰਚ 2020 ਵਿੱਚ 270 ਮਿਲੀਅਨ ਦੀ ਰਿਕਾਰਡ ਸਭ ਤੋਂ ਵੱਧ ਕਮਾਈ ਕੀਤੀ।
ਵਿਸ਼ਵਵਿਆਪੀ ਡਾਊਨਲੋਡ
ਹੁਣ ਤੱਕ ਇਸ ਐਪ ਨੂੰ ਦੁਨੀਆ ਭਰ ਵਿੱਚ 734 ਮਿਲੀਅਨ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।
ਪ੍ਰਮੁੱਖ ਡਾਊਨਲੋਡ ਕੀਤੇ ਦੇਸ਼
ਭਾਰਤ ਵਿੱਚ ਪਬਜੀ ਮੋਬਾਈਲ ਨੇ ਸਭ ਤੋਂ ਵੱਧ ਡਾਊਨਲੋਡ ਦਰਜ ਕੀਤੇ ਗਏ ਹਨ, ਜੋ ਕਿ 175 ਮਿਲੀਅਨ ਇੰਸਟਾਲ ਦੇ ਨਾਲ ਚੋਟੀ ਉੱਤੇ ਹੈ। ਇਹ ਗਲੋਬਲ ਅੰਕਾਂ ਦਾ 24 ਫ਼ੀਸਦੀ ਹੈ।
ਚੀਨ 16.7 ਫ਼ੀਸਦੀ ਦੇ ਨਾਲ ਦੂਜੇ ਸਥਾਨ 'ਤੇ ਹੈ, ਜਦਕਿ 6.4 ਫ਼ੀਸਦ ਡਾਊਨਲੋਡ ਦੇ ਨਾਲ ਅਮਰੀਕਾ ਤੀਜੇ ਸਥਾਨ 'ਤੇ ਹੈ।
ਪਹਿਲਾਂ ਵੀ ਭਾਰਤ ਵਿੱਚ ਪਬਜੀ ਉੱਤੇ ਪਾਬੰਦੀ ਲਗਾਈ ਗਈ ਸੀ
ਮਾਰਚ 2019 ਵਿੱਚ, ਗੁਜਰਾਤ ਦੇ ਅਹਿਮਦਾਬਾਦ, ਰਾਜਕੋਟ, ਸੂਰਤ, ਵਡੋਦਰਾ ਅਤੇ ਭਾਵਨਗਰ ਜ਼ਿਲ੍ਹਿਆਂ ਵਿੱਚ ਪਬਜੀ ਉੱਤੇ ਪਾਬੰਦੀ ਲਗਾਈ ਗਈ ਸੀ। ਸਥਾਨਕ ਪੁਲਿਸ ਨੇ ਇਹ ਗੇਮ ਖੇਡਣ ਵਾਲੇ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਇੱਕ ਹਫ਼ਤੇ ਦੇ ਅੰਦਰ ਪਾਬੰਦੀ ਹਟਾ ਦਿੱਤੀ ਗਈ ਸੀ।
ਦੂਜੇ ਦੇਸ਼ਾਂ ਨੇ ਵੀ ਇਸ ‘ਤੇ ਪਾਬੰਦੀ ਲਗਾਈ ਹੈ
ਪਾਕਿਸਤਾਨ
ਜੁਲਾਈ 2020 ਵਿੱਚ ਪਾਕਿਸਤਾਨ ਨੇ ਪਬਜੀ ਨੂੰ ਅਸਥਾਈ ਤੌਰ 'ਤੇ ਨਸ਼ੇ ਦੇ ਅਧਾਰ 'ਤੇ ਪਾਬੰਦੀ ਲਗਾਈ। ਪਾਕਿਸਤਾਨ ਦੇ ਟੈਲੀਕਾਮ ਅਥਾਰਟੀ (ਪੀਟੀਏ) ਵੱਲੋਂ ਇਹ ਕਦਮ ਬੱਚਿਆਂ ਦੀ ਸਿਹਤ ਲਈ ਨੁਕਸਾਨਦੇਹ ਹੋਣ ਕਾਰਨ ਸਮਾਜ ਦੇ ਵੱਖ ਵੱਖ ਖੇਤਰਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੁੱਕਿਆ ਸੀ।
ਇਰਾਕ
ਸਾਲ 2019 ਵਿੱਚ, ਇਰਾਕ ਨੇ ਪਬਜੀ, ਫੋਰਨਾਈਟ, ਬਲੂ ਵੈੱਲ ਤੇ ਇਸ ਤਰ੍ਹਾਂ ਦੀਆਂ ਆਨਲਾਈਨ ਵੀਡੀਓ ਗੇਮਾਂ ਉੱਤੇ ਪਾਬੰਦੀ ਲਗਾਈ। ਦੇਸ਼ ਦੀ ਸੰਸਦ ਨੇ ਕਿਹਾ ਕਿ ਖੇਡ ਸਮਾਜ ਲਈ ਹਾਨੀਕਾਰਕ ਹੈ ਅਤੇ ਰਾਸ਼ਟਰੀ ਸੁਰੱਖਿਆ ਲਈ ਸੰਭਾਵਿਤ ਖ਼ਤਰਾ ਹੈ।
ਜਾਰਡਨ
ਜੁਲਾਈ 2019 ਵਿੱਚ ਜਾਰਡਨ ਦੀ ਸਰਕਾਰ ਨੇ ਰਾਜ ਦੇ ਨਾਗਰਿਕਾਂ ਉੱਤੇ ਪਬਜੀ ਦੇ ਮਾੜੇ ਪ੍ਰਭਾਵਾਂ ਦਾ ਹਵਾਲਾ ਦਿੰਦੇ ਹੋਏ ਇਸ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਦੇਸ਼ ਦੇ ਮਨੋਵਿਗਿਆਨਕਾਂ ਨੇ ਇਸ ਬਹੁਤ ਮਸ਼ਹੂਰ ਖੇਡ ਬਾਰੇ ਬਾਰ-ਬਾਰ ਚਿਤਾਵਨੀ ਦਿੱਤੀ ਕਿ ਇਹ ਖੇਡ ਹਿੰਸਾ ਨੂੰ ਉਤਸ਼ਾਹਿਤ ਕਰਦੀ ਹੈ ਤੇ ਨੌਜਵਾਨਾਂ ਨੂੰ ਕੁਰਾਹੇ ਪਾਉਂਦੀ ਹੈ।
ਨੇਪਾਲ
ਅਪ੍ਰੈਲ 2019 ਵਿੱਚ ਪਬਜੀ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਜਿਵੇਂ ਕਿ ਇਹ ਖੇਡ ਬੱਚਿਆਂ ਅਤੇ ਬਾਲਗਾਂ ਲਈ ਹਾਨੀਕਾਰਕ ਹੈ। ਹਾਲਾਂਕਿ ਨੇਪਾਲ ਵਿਚਲੀ ਪਾਬੰਦੀ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਛੇਤੀ ਹੀ ਹਟਾ ਲਿਆ ਸੀ, ਪਰ ਅਦਾਲਤ ਨੇ ਕਿਹਾ ਕਿ ਸਰਕਾਰ ਅਜਿਹੀ ਪਾਬੰਦੀ ਨੂੰ ਲਾਗੂ ਨਹੀਂ ਕਰ ਸਕਦੀ, ਇਹ ਨਿੱਜੀ ਆਜ਼ਾਦੀ ਵਿੱਚ ਦਖ਼ਲ ਦਿੰਦੀ ਹੈ।
ਇੰਡੋਨੇਸ਼ੀਆ
ਜੁਲਾਈ 2019 ਵਿੱਚ, ਇੰਡੋਨੇਸ਼ੀਆ ਦੇ ਸੂਬੇ ਆਚੇ ਨੇ ਵੀ ਇਸੇ ਤਰ੍ਹਾਂ ਦੀ ਪਾਬੰਦੀ ਜਾਰੀ ਕੀਤੀ ਸੀ।