ਨਵੀਂ ਦਿੱਲੀ: ਰਾਜ ਸਭਾ ਵਿੱਚ ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਸ 'ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਐਤਵਾਰ ਨੂੰ ਭਾਰੀ ਹੰਗਾਮੇ ਤੋਂ ਬਾਅਦ ਇਹ ਬਿੱਲ ਪਾਸ ਹੋਏ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ। ਦਰਜਨ ਭਰ ਵਿਰੋਧੀ ਪਾਰਟੀਆਂ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਖਿਲਾਫ਼ ਅਵਿਸ਼ਵਾਸ ਨੋਟਿਸ ਵੀ ਦਿੱਤਾ ਹੈ।
ਖੇਤੀ ਬਿੱਲਾਂ ਦਾ ਪਾਸ ਹੋਣਾ ਨਿਰਾਸ਼ਾਜਨਕ, ਇਹ ਫ਼ਸਲ ਖਰੀਦ ਨੂੰ ਖ਼ਤਮ ਕਰਨ ਦਾ ਲੁਕਿਆ ਏਜੰਡਾ: ਭੂੰਦੜ ਬਿੱਲ ਪਾਸ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਦੌਰਾਨ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਅਨੁਸਾਰ ਉਨ੍ਹਾਂ ਦੀ ਪਾਰਟੀ ਨੇ ਗੱਲਬਾਤ ਰਾਹੀਂ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ। ਪਾਰਟੀ ਦੇ ਸੀਨੀਅਰ ਆਗੂਆਂ ਨੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਬੈਠਕ ਵੀ ਕੀਤੀ ਪਰ ਜਦੋਂ ਕੋਈ ਹੱਲ ਨਹੀਂ ਨਿਕਲਿਆ ਤਾਂ ਕੇਂਦਰੀ ਮੰਤਰੀ ਮੰਡਲ 'ਚੋਂ ਹਰਸਿਮਰਤ ਕੌਰ ਬਾਦਲ ਨੂੰ ਅਸਤੀਫ਼ਾ ਦੇ ਦਿੱਤਾ। ਇਹ ਖੇਤੀ ਦੇ ਕਿਸਾਨਾਂ ਦੇ ਲਈ ਮਾਰੂ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਵਿੱਚ ਖੜ੍ਹਾ ਹੈ।
ਭੂੰਦੜ ਨੇ ਕਿਹਾ ਕਿ ਇਹ ਬਿੱਲ ਇੱਕ ਲੁਕਿਆ ਏਜੰਡਾ ਹੈ ਜੋ ਕਿਸਾਨ ਦੀ ਫ਼ਸਲ ਦੀ ਖ਼ਰੀਦ ਨੂੰ ਖਤਮ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਵਿੱਚ ਇਹ ਸੁਨਿਸ਼ਚਿਤ ਕਰੇ ਕਿ ਪ੍ਰਾਈਵੇਟ ਅਦਾਰੇ ਕਿਸਾਨਾਂ ਦੀ ਪੂਰੀ ਫਸਲ ਐਮਐਸਸੀ ਦੇ ਰੇਟ 'ਤੇ ਹੀ ਚੁੱਕਣਗੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਸਜ਼ਾ ਮਿਲੇਗੀ।
ਕਾਂਗਰਸ ਵੱਲੋਂ ਪਾਰਟੀ 'ਤੇ ਲਗਾਏ ਜਾ ਰਹੇ ਯੂ-ਟਰਨ ਦੇ ਇਲਜ਼ਾਮਾਂ 'ਤੇ ਭੂੰਦੜ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਪਾਰਟੀ ਵੱਲੋਂ ਹੀ ਇਸ ਬਿੱਲ ਦਾ ਸਮਰਥਨ ਕੀਤਾ ਗਿਆ ਸੀ, ਜਿਸ ਬਾਰੇ ਕੇਂਦਰੀ ਰਾਜ ਮੰਤਰੀ ਨੇ ਸੰਸਦ ਵਿੱਚ ਕਿਹਾ ਹੈ। ਸੁਨੀਲ ਜਾਖੜ ਵੱਲੋਂ ਕੀਤੀ ਗਈ ਟਿੱਪਣੀ ਕਿ ਇਹ ਅਸਤੀਫ਼ਾ ਭਾਜਪਾ ਵੱਲੋਂ ਲਿਆ ਗਿਆ ਹੈ ਤੇ ਆਪਣੇ ਪ੍ਰਤੀਕਿਰਿਆ ਦਿੰਦੇ ਭੂੰਦੜ ਨੇ ਕਿਹਾ ਕੀ ਕਾਂਗਰਸ ਪ੍ਰਧਾਨ ਜਾਖੜ ਦੇ ਪਿਤਾ ਸਤਲੁਜ ਯਮੁਨਾ ਨਹਿਰ ਦੇ ਉਦਘਾਟਨ ਵਿੱਚ ਮੌਜੂਦ ਸਨ।
ਅਕਾਲੀ ਭਾਜਪਾ ਗਠਬੰਧਨ 'ਤੇ ਭੂੰਦੜ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜਾਂ ਨੂੰ ਵਧੇਰੇ ਸ਼ਕਤੀਆਂ, ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਕਿਸਾਨਾਂ ਦੇ ਹਿੱਤ ਲਈ ਕੰਮ ਕਰਦੀ ਹੈ। ਇਨ੍ਹਾਂ ਮੁੱਦਿਆਂ ਦੀ ਰਾਖੀ ਪਾਰਟੀ ਕਰਦੀ ਰਹੇਗੀ। ਗਠਬੰਧਨ ਬਾਰੇ ਆਖਰੀ ਫੈਸਲਾ ਪਾਰਟੀ ਦੇ ਸੀਨੀਅਰ ਨੇਤਾ ਕੋਰ ਕਮੇਟੀ ਵਿੱਚ ਲੈਣਗੇ।