ਕੈਥਲ(ਹਰਿਆਣਾ): ਬਲਜੀਤ ਸਿੰਘ ਦਾਦੂਵਾਲ ਨੂੰ ਵੀਰਵਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਪੀਸੀ) ਦਾ ਪ੍ਰਧਾਨ ਚੁਣਿਆ ਗਿਆ ਹੈ।
ਸਵੇਰ ਤੋਂ ਚੱਲ ਰਹੀ ਵੋਟਿੰਗ ਤੋਂ ਬਾਅਦ ਆਏ ਨਤੀਜਿਆਂ 'ਚ ਦਾਦੂਵਾਲ ਨੂੰ 19 ਵੋਟਾਂ ਮਿਲੀਆਂ ਹਨ ਤੇ ਜਸਬੀਰ ਸਿੰਘ ਖਾਲਸਾ ਨੂੰ 17 ਵੋਟਾਂ ਮਿਲੀਆਂ। 2 ਵੋਟਾਂ ਦੇ ਫਰਕ ਨਾਲ ਦਾਦੂਵਾਲ ਐਚਐਸਜੀਪੀਸੀ ਦੇ ਪ੍ਰਧਾਨ ਬਣੇ ਹਨ।
ਬਲਜੀਤ ਸਿੰਘ ਦਾਦੂਵਾਲ ਬਣੇ HSGPC ਦੇ ਨਵੇਂ ਪ੍ਰਧਾਨ ਪ੍ਰਧਾਨ ਚੁਣੇ ਜਾਣ ਮਗਰੋਂ ਦਾਦੂਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਰਮਾਤਮਾ ਅਤੇ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਬਾਕੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਸਹਿਯੋਗ ਦੇਣ ਅਤੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਵੱਲੋਂ ਦਿਖਾਏ ਰਾਹ 'ਤੇ ਚੱਲ ਕੇ ਹੋਰਨਾ ਧਰਮਾਂ ਨਾਲ ਇਕਜੁੱਟ ਹੋ ਕੇ ਮਾਨਵਤਾ ਦੀ ਭਲਾਈ ਲਈ ਕੰਮ ਕਰਨਗੇ।
ਬਲਜੀਤ ਸਿੰਘ ਦਾਦੂਵਾਲ ਇਸ ਤੋਂ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਾਰਜਕਾਰੀ ਪ੍ਰਧਾਨ ਦੇ ਅਹੁਦੇ 'ਤੇ ਕੰਮ ਕਰ ਰਹੇ ਸਨ।
ਦੱਸਣਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਪ੍ਰਧਾਨ ਦੇ ਅਹੁਦੇ ਲਈ 3 ਉਮੀਦਵਾਰਾਂ ਵਿਚਾਲੇ ਮੁਕਾਬਲਾ ਸੀ। ਝੀਂਡਾ ਗਰੁੱਪ ਵੱਲੋਂ ਜਸਬੀਰ ਸਿੰਘ ਖਾਲਸਾ ਅਤੇ ਨਲਵੀ ਗਰੁੱਪ ਵੱਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮੈਦਾਨ 'ਚ ਸਨ। ਸਵਰਣ ਸਿੰਘ ਰਤੀਆ ਤੀਜੇ ਉਮੀਦਵਾਰ ਸਨ। 36 ਮੈਂਬਰਾਂ ਨੇ ਆਪਣੀ ਵੋਟ ਦੀ ਵਰਤੋਂ ਕਰਦਿਆਂ ਐਚਐਸਜੀਪੀਸੀ ਦੇ ਨਵੇਂ ਪ੍ਰਧਾਨ ਨੂੰ ਚੁਣਿਆ।