ਨਵੀਂ ਦਿੱਲੀ: ਦੁਨੀਆਂ ਭਰ 'ਚ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ। ਉੱਥੇ ਹੀ ਗੁਰੂ ਸਾਹਿਬਾਨ ਵੱਲੋਂ ਮਨੁਖਤਾ ਲਈ ਦਿੱਤੇ ਗਏ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਦਿੱਲੀ ਮੈਟਰੋ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਲਗਾਏ ਗਏ ਹਨ।
ਦਿੱਲੀ ਮੈਟਰੋ ਰਾਹੀਂ ਲੋਕਾਂ ਨੂੰ ਬਾਬੇ ਨਾਨਕ ਦੀ ਬਾਣੀ ਨਾਲ ਜਾ ਰਿਹੈ ਜੋੜਿਆ - ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ ਤੋਂ ਲੋਕਾਂ ਨੂੰ ਖਾਸ ਤੌਰ 'ਤੇ ਨੌਜਵਾਨਾਂ ਨੂੰ ਜਾਣੂ ਕਰਵਾਉਣ ਲਈ ਦਿੱਲੀ ਮੈਟਰੋ ਵਿੱਚ ਗੁਰੂ ਜੀ ਦੇ ਸੰਦੇਸ਼ ਲਗਾਏ ਗਏ ਹਨ ਤਾਂ ਜੋ ਨੌਜਵਾਨ ਪੀੜੀ ਨੂੰ ਬਾਬੇ ਨਾਨਕ ਦੀ ਸੋਚ ਦੇ ਨਾਲ ਜੋੜਿਆ ਜਾ ਸਕੇ।
ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ 'ਤੇ ਦਿੱਲੀ ਮੈਟਰੋ ਵਿੱਚ ਲੱਗੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ ਦੀ ਕੁੱਝ ਤਸਵੀਰਾਂ ਸਾਝੀਆਂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਮੇਟਰੋ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਲਗਵਾਉਣ ਦਾ ਸਾਡਾ ਟੀਚਾ ਇਹ ਸੀ ਕਿ ਨੌਜਵਾਨ ਪੀੜੀ ਨੂੰ ਬਾਬੇ ਨਾਨਕ ਦੀ ਸੋਚ ਦੇ ਨਾਲ ਜੋੜਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਿਸ ਵਿੱਚ ਸਾਡੇ ਨੌਜਵਾਨ ਮੈਟਰੋ ਵਿੱਚ ਲੱਗੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ ਨੂੰ ਪੜ੍ਹ ਰਹੇ ਹਨ।
ਸਮੁੱਚੇ ਰੂਪ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜੀਵਨ ਦੇ ਹਰੇਕ ਪੱਖ- ਆਤਮਿਕ, ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਕ ਆਦਿ ਨੂੰ ਸੇਧ ਦੇਣ ਅਤੇ ਸੁਧਾਰਨ ਵਾਲੀਆਂ ਹਨ। ਲੋੜ ਗੁਰੂ ਸਾਹਿਬ ਦੀ ਬਾਣੀ ਨਾਲ ਸੱਚੇ ਦਿਲੋਂ ਜੁੜਣ, ਇਸ ਦਾ ਮਨਨ ਕਰਨ ਅਤੇ ਇਸ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸਾਰਥਕਤਾ ਸਿਰਫ਼ ਪੰਜਾਬ ਜਾਂ ਹਿੰਦੁਸਤਾਨ ਤਕ ਸੀਮਤ ਨਹੀਂ ਸਗੋਂ ਅਜੌਕੀਆਂ ਵਿਸ਼ਵੀ ਸਮੱਸਿਆਵਾਂ ਦੇ ਪ੍ਰਸੰਗ ਵਿਚ ਇਹ ਵਿਸ਼ਵੀ ਮੁੱਲ ਰਖਦੀ ਹੈ।