ਨਵੀਂ ਦਿੱਲੀ: ਅਯੁੱਧਿਆ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਨੂੰ ਲੈ ਕੇ ਆਉਣ ਵਾਲੇ ਫ਼ੈਸਲੇ ਦੀ ਸਥਿਤੀ ਨੂੰ ਵੇਖਦਿਆਂ ਚਿੰਤਿਤ ਮੁਸਲਿਮ ਪੱਖ ਦਾ ਕਹਿਣਾ ਹੈ ਕਿ ਜੇ ਫ਼ੈਸਲਾ ਹੱਕ ਵਿੱਚ ਹੀ ਆਉਂਦਾ ਹੈ ਤਾਂ ਵੀ ਦੇਸ਼ ਦੀ ਸ਼ਾਂਤੀ ਲਈ ਉਹ ਮਸਜਿਦ ਦਾ ਨਿਰਮਾਣ ਨਹੀਂ ਕਰਨਗੇ।
ਮੁਸਲਿਮ ਪੱਖਕਾਰ ਹਾਜੀ ਸਹਿਬੂਬ ਨੇ ਕਿਹਾ, "ਪਹਿਲੀ ਤਰਜੀਹ ਸਦਭਾਵਨਾ ਬਣਾਈ ਰੱਖਣਾ ਹੈ, ਜੇ ਫ਼ੈਸਲਾ ਮੁਸਲਿਮ ਭਾਈਚਾਰੇ ਦੇ ਹੱਕ ਵਿੱਚ ਆਉਂਦਾ ਹੈ ਤਾਂ ਇਹੀ ਸਭ ਤੋਂ ਵਧੀਆ ਰਹੇਗਾ ਕਿ ਸ਼ਾਂਤੀ ਅਤੇ ਸਦਭਾਵਨਾ ਲਈ ਅਸੀਂ ਬਾਬਰੀ ਜ਼ਮੀਨ ਉੱਤੇ ਮਸਜਿਦ ਨਹੀਂ ਬਣਾਵਾਂਗੇ। ਸਾਨੂੰ ਚਾਹੀਦਾ ਹੈ ਕਿ ਅਸੀਂ ਉਸ ਥਾਂ ਉੱਤੇ ਚਾਰਦਿਵਾਰੀ ਕਰ ਦਈਏ।"
ਉਨ੍ਹਾਂ ਅੱਗੇ ਕਿਹਾ, "ਇਹ ਮੇਰੀ ਨਿੱਜੀ ਰਾਏ ਹੈ। ਦੇਸ਼ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ, ਮੈਂ ਆਪਣੀ ਤਜਵੀਜ਼ ਨੂੰ ਦੂਜੇ ਪੱਖਕਾਰਾਂ ਕੋਲ ਲੈ ਜਾਵਾਂਗਾ। ਮੌਜੂਦਾ ਸਥਿਤੀ ਵਿੱਚ ਜੇ ਫ਼ੈਸਲਾ ਸਾਡੇ ਹੱਕ ਵਿੱਚ ਆਉਂਦਾ ਹੈ ਤਾਂ ਅਸੀ ਮਸਜਿਦ ਦਾ ਨਿਰਮਾਣ ਟਾਲ਼ ਦਵਾਂਗੇ।"
ਇੱਕ ਦੂਜੇ ਮੁਸਲਿਮ ਪੱਖਕਾਰ ਮੁਹੰਮਦ ਉਮਰ ਨੇ ਕਿਹਾ, "ਮੈਂ ਵੀ ਇਹੀ ਮੰਨਦਾ ਹਾਂ ਕਿ ਜੇ ਸਾਡੇ ਮਸਜਿਦ ਨਿਰਮਾਣ ਰੋਕਣ ਨਾਲ ਫਿਰਕੂ ਸਦਭਾਵਨਾ ਅਤੇ ਸਮਾਜ ਵਿਚ ਸ਼ਾਂਤੀ ਬਣਾ ਰਹਿੰਦੀ ਹੈ, ਤਾਂ ਸਾਨੂੰ ਇਹ ਕਰਨਾ ਚਾਹੀਦਾ ਹੈ।"
ਵਿਵਾਦ ਦਾ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਨ ਵਾਲੇ ਮੁਖ ਮੁਸਲਿਮ ਪੱਖਕਾਰਾਂ ਵਿੱਚੋਂ ਇੱਕ ਇਕਬਾਲ ਅੰਸਾਰੀ ਨੇ ਇਸ ਮੁੱਦੇ ਉੱਤੇ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ, "ਪਹਿਲਾਂ ਫ਼ੈਸਲਾ ਆਉਣ ਦਿਓ, ਅਸੀਂ ਦੇਸ਼ ਦੇ ਫਿਰਕੂ ਤਾਣੇ-ਬਾਣੇ ਵਿੱਚ ਕੋਈ ਕਮੀ ਨਹੀਂ ਆਉਣ ਦਵਾਂਗੇ।"