ਨਵੀਂ ਦਿੱਲੀ: ਸੁਪਰੀਮ ਕੋਰਟ ਸ਼ਨੀਵਾਰ ਨੂੰ ਅਯੁੱਧਿਆ ਵਿਵਾਦ 'ਤੇ ਇਤਿਹਾਸਕ ਫੈਸਲਾ ਦੇਣ ਜਾ ਰਹੀ ਹੈ। ਪੰਜ ਜੱਜਾਂ ਦਾ ਬੈਂਚ ਸ਼ਨੀਵਾਰ ਸਵੇਰੇ 10.30 ਵਜੇ ਆਪਣਾ ਫੈਸਲਾ ਸੁਣਾਏਗਾ। ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਫੈਸਲਾ 12 ਨਵੰਬਰ ਤੋਂ ਬਾਅਦ ਆ ਸਕਦਾ ਹੈ।
ਚੀਫ਼ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਰਿਟਾਇਰ ਹੋਣ ਵਾਲੇ ਹਨ। ਇਸ ਤੋਂ ਪਹਿਲਾਂ ਉਹ ਆਪਣਾ ਫੈਸਲਾ ਦੇਵੇਗਾ। ਸੁਪਰੀਮ ਕੋਰਟ ਦਾ ਸੰਵਿਧਾਨਕ ਬੈਂਚ ਛੁੱਟੀ ਦੇ ਬਾਵਜੂਦ ਸ਼ਨੀਵਾਰ ਨੂੰ ਬੈਠ ਕੇ ਫੈਸਲਾ ਸੁਣਾਏਗਾ। ਇਸ ਦੇ ਮੱਦੇਨਜ਼ਰ, ਦੇਸ਼ ਭਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਸਣੇ ਧਾਰਮਿਕ ਨੇਤਾਵਾਂ ਨੇ ਵੀ ਦੇਸ਼ ਵਾਸੀਆਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ। ਟੀਵੀ ਚੈਨਲਾਂ ਦੇ ਮੁਤਾਬਕ, ਫੈਸਲੇ ਤੋਂ ਪਹਿਲਾਂ ਸਾਰੇ ਪੰਜ ਜੱਜਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਯੂਪੀ ਵਿੱਚ ਸਕੂਲ-ਕਾਲਜ ਬੰਦ ਰਹਿਣਗੇ
ਅਯੁੱਧਿਆ ਵਿਵਾਦ 'ਤੇ ਫੈਸਲੇ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਸਾਰੇ ਸਕੂਲ, ਕਾਲਜ, ਵਿਦਿਅਕ ਸੰਸਥਾਵਾਂ ਅਤੇ ਸਿਖਲਾਈ ਕੇਂਦਰ 9 ਤੋਂ 11 ਨਵੰਬਰ ਤੱਕ ਬੰਦ ਰਹਿਣਗੇ। ਇਸ ਤੋਂ ਪਹਿਲਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਲੋਕਾਂ ਨੂੰ ਸੂਬੇ 'ਚ ਸ਼ਾਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਅਯੁੱਧਿਆ 'ਚ ਧਾਰਾ 144 ਲਾਗੂ
ਅਯੁੱਧਿਆ ਵਿੱਚ ਧਾਰਾ 144 ਲਾਗੂ ਹੈ। ਇਸ ਦੇ ਨਾਲ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਅਯੁੱਧਿਆ ਵਿੱਚ ਅਰਧ ਸੈਨਿਕ ਬਲਾਂ ਦੇ 4000 ਜਵਾਨ ਤਾਇਨਾਤ ਕੀਤੇ ਗਏ ਹਨ। ਅਧਿਕਾਰੀ ਨੇ ਕਿਹਾ ਕਿ ਰਾਜਾਂ ਨੂੰ ਕਿਹਾ ਗਿਆ ਹੈ ਕਿ ਉਹ ਸਾਰੇ ਸੰਵੇਦਨਸ਼ੀਲ ਸਥਾਨਾਂ 'ਤੇ ਲੋੜੀਂਦੇ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਰੱਖਣ ਅਤੇ ਇਹ ਸੁਨਿਸ਼ਚਿਤ ਕਰਨ ਕਿ ਦੇਸ਼ ਵਿੱਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।