ਨਵੀਂ ਦਿੱਲੀ: ਅਯੁੱਧਿਆ ਜ਼ਮੀਨੀ ਵਿਵਾਦ ਮਾਮਲੇ 'ਚ ਸਾਲਸੀ (ਵਿਚੋਲਗੀ) ਕਮੇਟੀ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ ਤੇ ਕੋਰਟ ਉਸੇ ਦਿਨ ਤੈਅ ਕਰੇਗਾ ਕਿ ਅੱਗੇ ਸਾਲਸੀ ਕਮੇਟੀ ਜਾਰੀ ਰਹੇਗੀ ਜਾਂ ਮੁਕੱਦਮੇ ਦੀ ਸੁਣਵਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਸਾਲਸੀ ਕਮੇਟੀ ਦੀ ਅਗਵਾਈ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਫਕੀਰ ਮੁਹੰਮਦ ਇਬਰਾਹਿਮ ਖਲੀਫੁੱਲਾ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਕਮੇਟੀ 'ਚ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਸੀਨੀਅਰ ਐਡਵੋਕੇਟ ਸ਼੍ਰੀਰਾਮ ਪੰਚੂ ਸ਼ਾਮਿਲ ਹਨ। ਇਸ ਤੋਂ ਪਹਿਲਾਂ, 11 ਜੁਲਾਈ ਨੂੰ ਸੁਪਰੀਮ ਕੋਰਟ ਨੇ ਅਯੁੱਧਿਆ ਜ਼ਮੀਨੀ ਵਿਵਾਦ ਮਾਮਲੇ 'ਚ ਸਾਲਸੀ ਪ੍ਰਕਿਰਿਆ ਨੂੰ ਰੋਕਣ ਲਈ ਦਾਇਰ ਪਟੀਸ਼ਨ 'ਤੇ ਸੁਣਵਾਈ ਕੀਤੀ ਸੀ, 25 ਜੁਲਾਈ ਤੱਕ ਸਾਲਸੀ ਕਮੇਟੀ ਨੂੰ ਇੱਕ ਪੂਰਨ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ।