ਨਵੀਂ ਦਿੱਲੀ: ਬੀਤੇ ਦਿਨੀਂ 25 ਮਈ ਤੋਂ ਘਰੇਲੂ ਉਡਾਣਾਂ ਦੇ ਸੰਚਾਲਨ ਦਾ ਐਲਾਨ ਕਰਨ ਮਗਰੋਂ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਪ੍ਰੈਸ ਕਾਨਫ਼ਰੰਸ ਕਰ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਪੂਰੀ ਨੇ ਕਿਹਾ ਕਿ ਸਾਰੇ ਹਿੱਸੇਦਾਰਾਂ ਜਿਵੇਂ ਕਿ ਏਅਰਲਾਈਨਜ਼, ਹਵਾਈ ਅੱਡਿਆਂ ਦੇ ਸਹਿਯੋਗ ਤੋਂ ਬਾਅਦ ਉਨ੍ਹਾਂ 25 ਮਈ ਤੋਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ।
ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਤਿਹਾਈ ਉਡਾਣਾਂ ਨੂੰ ਹੀ ਮੈਟਰੋ ਤੋਂ ਗੈਰ ਮੈਟਰੋ ਸ਼ਹਿਰਾਂ ਦੀ ਆਗਿਆ ਦਿੱਤੀ ਜਾਏਗੀ, ਜਿੱਥੇ ਹਫ਼ਤਾਵਾਰੀ ਰਵਾਨਗੀ 100 ਤੋਂ ਵੱਧ ਹੁੰਦੀ ਹੈ।
ਹਰਦੀਪ ਪੁਰੀ ਨੇ ਕਿਹਾ, “ਅਸੀਂ ਕਿਰਾਏ ਨੂੰ ਨਿਯੰਤ੍ਰਿਤ ਕਰਨ ਲਈ ਸੱਤ ਹਿੱਸਿਆਂ ਵਿੱਚ ਰੂਟ ਵੰਡੇ ਹਨ; ਪਹਿਲਾ ਭਾਗ ਉਹ ਹੈ ਜਿੱਥੇ ਉਡਾਣ ਦੀ ਮਿਆਦ 40 ਮਿੰਟ ਤੋਂ ਘੱਟ ਹੈ। ਦੂਜਾ ਭਾਗ ਹੈ ਜਿੱਥੇ ਉਡਾਣ ਦੀ ਮਿਆਦ 40-60 ਮਿੰਟ ਦੇ ਵਿਚਕਾਰ ਹੈ, ਬਾਕੀ ਸਾਰੇ 60-210 ਮਿੰਟ ਦੇ ਵਿਚਕਾਰ ਹਨ।"
ਉਡਾਣ ਦੇ ਰੂਟ ਨੂੰ 7 ਭਾਗਾਂ ਵਿੱਚ ਇਸ ਤਰ੍ਹਾਂ ਵੰਡਿਆ ਗਿਆ ਹੈ। ਭਾਗ 1- ਉਡਾਣ ਦਾ ਸਮਾਂ 40 ਮਿੰਟ ਤੋਂ ਘੱਟ, ਭਾਗ 2- 40 ਮਿੰਟ ਤੋਂ ਵੱਧ ਅਤੇ 60 ਮਿੰਟ ਤੱਕ, ਭਾਗ 3- 60-90 ਮਿੰਟ, ਭਾਗ 4- 90 ਤੋਂ 120 ਮਿੰਟ, ਭਾਗ 5- 2 ਘੰਟੇ ਤੋਂ 2.30 ਘੰਟੇ, ਭਾਗ 6- ਢਾਈ ਤੋਂ ਤਿੰਨ ਘੰਟੇ ਤੱਕ ਅਤੇ ਭਾਗ 7- ਤਿੰਨ ਘੰਟੇ ਤੋਂ ਸਾਢੇ ਤਿੰਨ ਘੰਟੇ।
ਇਸ ਮੁਤਾਬਕ ਦਿੱਲੀ-ਮੁੰਬਈ ਮਾਰਗ 'ਤੇ ਉਡਾਣ ਦੇ ਕਿਰਾਏ ਦੀ ਹੇਠਲੀ ਹੱਦ 3500 ਰੁਪਏ ਅਤੇ ਉਪਰਲੀ ਹੱਦ 10,000 ਰੁਪਏ ਹੋਵੇਗੀ ਅਤੇ ਇਹ ਸਿਸਟਮ ਅਗਲੇ 3 ਮਹੀਨੇ ਤੱਕ ਲਾਗੂ ਰਹੇਗਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਡਾਣਾਂ ਵਿੱਚ 40 ਫ਼ੀਸਦ ਸੀਟਾਂ ਨੂੰ ਹੇਠਲੀ ਅਤੇ ਉਪਰਲੀ ਹਵਾਈ ਕਿਰਾਏ ਦੀ ਸੀਮਾ ਦੇ ਮੱਧ-ਬਿੰਦੂ 'ਤੇ ਵੇਚਣਾ ਪਏਗਾ।
ਇਸ ਤੋਂ ਇਲਾਵਾ ਪੁਰੀ ਨੇ ਕਿਹਾ ਕਿ ਅਸੀਂ ਵੰਦੇ ਭਾਰਤ ਮੁਹਿੰਮ ਤਹਿਤ ਵਿਦੇਸ਼ਾਂ ਵਿੱਚ ਫਸੇ 20,000 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ, ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਸ਼ਵ ਵਿੱਚ ਸਭ ਤੋਂ ਘੱਟ ਹੈ।
ਹਵਾਈ ਯਾਤਰਾ ਦੀ ਪੜਾਅਵਾਰ ਤਰੀਕੇ ਨਾਲ ਸ਼ੁਰੂਆਤ ਕਰਨ ਦਾ ਇਹ ਫ਼ੈਸਲਾ ਉਦੋਂ ਆਇਆ ਹੈ ਜਦੋਂ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸ 1.12 ਲੱਖ ਨੂੰ ਪਾਰ ਕਰ ਗਏ ਹਨ ਅਤੇ ਇਸ ਕਾਰਨ ਮੌਤਾਂ 3400 ਤੋਂ ਵੱਧ ਮੌਤਾਂ ਹੋਈਆਂ ਹਨ।