ਨਵੀਂ ਦਿੱਲੀ: ਭਾਰਤ ਅਤੇ ਚੀਨ ਦੀ ਫ਼ੌਜ ਵਿਚਾਲੇ ਇੱਕ ਵਾਰ ਮੁੜ ਤੋਂ ਤਣਾਅਪੁਰਨ ਸਥਿਤੀ ਬਣ ਗਈ ਹੈ। ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਹਿੰਸਕ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਝੜਪ ਵਿੱਚ 20 ਭਾਰਤੀ ਸੈਨਿਕਾਂ ਦੇ ਸ਼ਹੀਦ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮੰਗਲਵਾਰ ਨੂੰ ਭਾਰਤੀ ਫ਼ੌਜ ਵੱਲੋਂ ਬਾਅਦ ਦੁਪਹਿਰ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਭਾਰਤੀ ਫ਼ੌਜ ਦੇ ਇੱਕ ਅਧਿਕਾਰੀ ਤੇ 2 ਜਵਾਨ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਪਰ ਹੁਣ ਇਹ ਗਿਣਤੀ 20 ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਨਿਊਜ਼ ਏਜੰਸੀ ਏਐਨਆਈ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਦੋਹਾਂ ਫੌਜਾਂ ਵੱਲੋਂ ਰਾਤ ਨੂੰ ਪਿੱਛੇ ਹਟਣ ਦੀ ਪ੍ਰਕਿਰਿਆ ਚੱਲ ਰਹੀ ਸੀ, ਪਰ ਅਚਾਨਕ ਚੀਨੀ ਸੈਨਿਕਾਂ ਨੇ ਕਾਰਵਾਈ ਕਰ ਦਿੱਤੀ, ਜਿਸ ਵਿੱਚ ਭਾਰਤੀ ਸੈਨਿਕਾਂ ਦੇ ਸ਼ਹੀਦ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਭਾਰਤੀ ਫ਼ੌਜ ਮੁਤਾਬਕ ਇਸ ਝੜਪ ਵਿੱਚ ਦੋਹਾਂ ਫ਼ੌਜਾਂ ਨੂੰ ਨੁਕਸਾਨ ਹੋਇਆ ਹੈ ਪਰ ਝੜਪ ਦੋਰਾਨ ਚੀਨ ਨੂੰ ਕਿੰਨਾ ਨੁਕਸਾਨ ਹੋਇਆ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਜਾਣਕਾਰੀ ਮੁਤਾਬਕ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਯੁੱਧ ਦੇ ਆਸਾਰ ਦਾ ਖ਼ਦਸ਼ਾ ਲਗਾਇਆ ਜਾ ਰਿਹਾ ਹੈ ਅਤੇ ਦੋਵੇਂ ਫ਼ੌਜਾਂ ਸਰਹੱਦ 'ਤੇ ਤੋਪਾਂ ਤੇ ਹੋਰ ਸਾਮਾਨ ਵੀ ਇਕੱਤਰ ਕਰ ਰਹੀਆਂ ਹਨ। ਫ਼ੌਜਾਂ ਵੱਲੋਂ ਸੈਨਿਕਾਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੈਨਿਕ ਅਧਿਕਾਰੀਆਂ ਵਿਚਕਾਰ ਉੱਚ ਪੱਧਰੀ ਬੈਠਕ ਹੋਈ ਹੈ।