ਮੁੰਬਈ: ਪਿਛਲੇ ਦੋ ਦਿਨਾਂ ਤੋਂ ਮੁੰਬਈ ਅਤੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ ਜਾਰੀ ਹੈ। ਮੀਂਹ ਕਾਰਨ ਮੁੰਬਈ ਦੇ ਮਲਾਡ ਅਤੇ ਕਲਿਆਣ 'ਚ ਕੰਧ ਡਿੱਗ ਗਈ ਜਿਸ ਕਾਰਨ ਮਲਾਡ ਵਿੱਚ 13 ਅਤੇ ਕਲਿਆਣ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਦੂਜੇ ਪਾਸੇ ਪੂਣੇ 'ਚ ਸਿੰਘਗੜ੍ਹ ਕਾਲਜ ਦੀ ਕੰਧ ਡਿੱਗਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕ ਜ਼ਖ਼ਮੀ ਹੋ ਗਏ ਹਨ। ਮੀਂਹ ਕਾਰਨ ਸਕੂਲ, ਕਾਲਜ ਅਤੇ ਦਫ਼ਤਰ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਈ ਉਡਾਣਾਂ ਦੇ ਰਸਤੇ ਬਦਲ ਦਿੱਤੇ ਗਏ ਹਨ ਤੇ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਦੱਸ ਦਈਏ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਬੀਤੀ ਰਾਤ ਵੀ ਮੁੰਬਈ ਹਵਾਈ ਅੱਡੇ 'ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ਼ ਗਿਆ। ਦਰਅਸਲ ਜੈਪੂਰ ਤੋਂ ਆ ਰਿਹਾ ਸਪਾਈਸ ਜੈੱਟ ਦਾ ਜਹਾਜ਼ ਉਤਰਣ ਸਮੇਂ ਰਨ-ਵੇਅ ਤੋਂ ਥੋੜ੍ਹਾ ਅੱਗੇ ਚਲਿਆ ਗਿਆ ਅਤੇ ਫਸ ਗਿਆ। ਕਿਸੇ ਵੀ ਯਾਤਰੀ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ।
ਨਗਰ ਨਿਗਮ ਦੇ ਕਮਿਸ਼ਨਰ ਦਾ ਕਹਿਣਾ ਹੈ ਕਿ ਦੋ ਦਿਨਾਂ ਵਿੱਚ 540 ਮਿਲੀਮੀਟਰ ਵਰਖਾ ਹੋਈ ਹੈ, ਜੋ ਪਿਛਲੇ ਇੱਕ ਦਹਾਕੇ ਦੌਰਾਨ ਸਭ ਤੋਂ ਵੱਧ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਮੁੰਬਈ 'ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੁੰਬਈ ਪੁਲਿਸ ਨੇ ਵੀ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਮੌਸਮ ਦੀ ਅਪਡੇਟ ਚੈੱਕ ਕਰ ਲਈ ਜਾਵੇ।