ਗੁਹਾਟੀ (ਅਸਾਮ): ਆਸਾਮ 'ਚ ਹੜ੍ਹ ਦੀ ਸਥਿਤੀ ‘ਚ ਸੁਧਾਰ ਹੋ ਰਿਹਾ ਹੈ, ਮੰਗਲਵਾਰ ਨੂੰ ਇਕ ਹੋਰ ਜ਼ਿਲੇ' ਚੋਂ ਪਾਣੀ ਘੱਟ ਰਿਹਾ ਹੈ,ਹਾਲਾਂਕਿ ਇਕ ਅਧਿਕਾਰਕ ਬੁਲੇਟਿਨ ਦੇ ਅਨੁਸਾਰ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਅਤੇ 20 ਲੱਖ ਲੋਕ ਹੜ੍ਹ ਤੋਂ ਅਜੇ ਵੀ ਪ੍ਰਭਾਵਿਤ ਹਨ।
ਆਸਾਮ ਰਾਜ ਦੇ ਆਪਦਾ ਪ੍ਰਬੰਧਨ ਅਥਾਰਟੀ (ਏਐਸਡੀਐਮਏ) ਨੇ ਆਪਣੇ ਬੁਲੇਟਿਨ ਵਿੱਚ ਕਿਹਾ ਹੈ ਕਿ ਗੋਲਾਘਾਟ ਜ਼ਿਲ੍ਹੇ ਦੇ ਬੋਕਾਖੱਟ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜੋ ਇਸ ਸਾਲ ਦੇ ਹੜ ਤੇ ਢਿੱਗਾਂ ਡਿੱਗਣ ਕਾਰਨ 130ਵੀਂ ਮੌਤ ਹੈ। 104 ਲੋਕ ਹੜ੍ਹ ਕਾਰਨ ਤੇ 26 ਮੌਤਾਂ ਢਿੱਗਾਂ ਡਿੱਗਣ ਕਾਰਨ ਹੋਈਆਂ ਹਨ।
ਇਕ ਹੋਰ ਜ਼ਿਲ੍ਹੇ ਵਿਚੋਂ ਹੜ੍ਹਾਂ ਦਾ ਪਾਣੀ ਘੱਟ ਗਿਆ ਹੈ ਅਤੇ ਸੋਮਵਾਰ ਤੋਂ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 2.52 ਲੱਖ ਤੋਂ ਘੱਟ ਗਈ ਹੈ। ਬੁਲੇਟਿਨ ਅਨੁਸਾਰ ਰਾਜ ਦੇ 33 ਜ਼ਿਲ੍ਹਿਆਂ ਵਿਚੋਂ 21 ਵਿਚ 19.82 ਲੱਖ ਲੋਕ ਅਜੇ ਵੀ ਪ੍ਰਭਾਵਿਤ ਹਨ। ਗੋਲਪੜਾ ਅਜੇ ਵੀ ਸਭ ਤੋਂ ਪ੍ਰਭਾਵਤ ਜ਼ਿਲ੍ਹਾ ਹੈ, ਜਿਥੇ ਹੜ੍ਹ ਦੇ ਨਾਲ 4.45 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਜਦੋਂਕਿ ਬਰਪੇਟਾ ਅਤੇ ਮੋਰੀਗਾਓਂ ਜ਼ਿਲ੍ਹਿਆਂ ਵਿੱਚ ਕ੍ਰਮਵਾਰ 3.07 ਲੱਖ ਅਤੇ 2.7 ਲੱਖ ਲੋਕ ਇਸਦੇ ਅਸਰ ਹੇਠ ਆਏ ਹਨ।
ਏਐੱਸਡੀਐੱਮਏ ਨੇ ਦੱਸਿਆ ਕਿ ਰਾਜ ਵਿੱਚ 1,771 ਪਿੰਡ ਅਤੇ 1.04 ਲੱਖ ਹੈਕਟੇਅਰ ਫਸਲ ਦੀ ਜ਼ਮੀਨ ਪਾਣੀ ਹੇਠ ਹੈ। ਜ਼ਿਲ੍ਹਾ ਪ੍ਰਸ਼ਾਸਨ 16 ਜ਼ਿਲ੍ਹਿਆਂ ਵਿੱਚ 398 ਰਾਹਤ ਕੈਂਪਾਂ ਅਤੇ ਵੰਡ ਕੇਂਦਰ ਚਲਾ ਰਹੇ ਹਨ, ਜਿਥੇ 42,275 ਲੋਕਾਂ ਨੇ ਪਨਾਹ ਲਈ ਹੋਈ ਹੈ।