ਜੈਪੁਰ: ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੇ 22 ਵਿਧਾਇਕਾਂ ਦੇ ਅਸਤੀਫੇ ਦੇਣ ਮਗਰੋਂ ਸਿਆਸਤ ਵਿੱਚ ਭੂਚਾਲ ਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜੋਤੀਰਾਦਿੱਤਿਆ ਸਿੰਧੀਆ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸਿੰਧੀਆ 'ਤੇ ਲੋਕਾਂ ਅਤੇ ਵਿਚਾਰਧਾਰਾ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਇਆ ਹੈ।
ਗਹਿਲੋਤ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਜਿਹੇ ਨੇਤਾਵਾਂ ਬਾਰੇ ਕੀ ਕਿਹਾ ਜਾਵੇ, ਜਿਨ੍ਹਾਂ ਨੇ ਆਪਣੀਆਂ ਰਾਜਨੀਤਿਕ ਲਾਲਸਾਵਾਂ ਕਾਰਨ ਭਾਜਪਾ ਨਾਲ ਹੱਥ ਮਿਲਾ ਲਿਆ। ਖ਼ਾਸਕਰ ਅਜਿਹੇ ਸਮੇਂ ਵਿਚ ਜਦੋਂ ਭਾਜਪਾ ਆਰਥਿਕਤਾ, ਲੋਕਤੰਤਰੀ ਸੰਸਥਾਵਾਂ, ਸਮਾਜਿਕ ਤਾਣੇ-ਬਾਣੇ ਅਤੇ ਇਥੋਂ ਤਕ ਕਿ ਨਿਆਂਪਾਲਿਕਾ ਨੂੰ ਤਬਾਹ ਕਰ ਰਹੀ ਹੈ।
ਗਹਿਲੋਤ ਨੇ ਇੱਕ ਹੋਰ ਟਵੀਟ ਕਰਦੇ ਹੋਏ ਕਿਹਾ ਕਿ ਸਿੰਧੀਆ 'ਤੇ ਲੋਕਾਂ ਅਤੇ ਵਿਚਾਰਧਾਰਾ ਨਾਲ ਵਿਸ਼ਵਾਸਘਾਤ ਕੀਤਾ ਹੈ। ਅਜਿਹੇ ਲੋਕਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਸੱਤਾ ਤੋਂ ਬਗੈਰ ਨਹੀਂ ਰਹਿ ਸਕਦੇ।
ਦੱਸਦਈਏ ਕਿ ਹੁਣ ਤੱਕ ਮੱਧ ਪ੍ਰਦੇਸ਼ ਦੀ ਕਮਲ ਨਾਥ ਸਰਕਾਰ ਵਿਚੋਂ ਕਰੀਬ 22 ਵਿਧਾਇਕਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਉੱਥੇ ਹੀ ਜੋਤੀਰਾਦਿੱਤਿਆ ਸਿੰਧੀਆ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ। ਸਿੰਧੀਆ ਨੇ ਕਿਹਾ ਕਿ ਉਹ ਦੇਸ਼ ਦੀ ਸੇਵਾ ਕਰਨੀ ਚਾਹੁੰਦੇ ਹਨ, ਜੋ ਕਾਂਗਰਸ ਪਾਰਟੀ ਵਿੱਚ ਰਹਿ ਕੇ ਸੰਭਵ ਨਹੀਂ ਹੈ।