ਗਾਂਧੀਨਗਰ: ਜਸਟਿਸ ਡੀ. ਕੇ. ਤ੍ਰਿਵੇਦੀ ਕਮਿਸ਼ਨ ਨੇ ਜੁਲਾਈ 2008 ਵਿੱਚ ਆਸਾਰਾਮ ਵੱਲੋਂ ਚਲਾਏ ਗਏ ਇੱਕ ਰਿਹਾਇਸ਼ੀ ਸਕੂਲ ਵਿੱਚ ਪੜ੍ਹਦੇ ਦੋ ਬੱਚਿਆਂ ਦੀ ਮੌਤ ਦੇ ਮਾਮਲੇ 'ਤੇ ਫ਼ੈਸਲਾ ਸੁਣਾਉਂਦੇ ਹੋਏ ਆਸਾਰਾਮ ਅਤੇ ਉਸ ਦੇ ਬੇਟੇ ਨਾਰਾਇਣ ਸਾਈ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਸਾਲ 2013 ਵਿੱਚ ਕਮੀਸ਼ਨ ਦੀ ਰਿਪੋਰਟ ਗੁਜਰਾਤ ਸਰਕਾਰ ਨੂੰ ਸੌਂਪੀ ਗਈ ਅਤੇ ਲਗਭਗ ਛੇ ਸਾਲਾਂ ਬਾਅਦ ਇਹ ਰਿਪੋਰਟ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਸੀ। ਕਮਿਸ਼ਨ ਨੇ ਕਿਹਾ ਕਿ ਇਹ ਹਾਦਸਾ ਸਕੂਲ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਨਤੀਜਾ ਸੀ। 5 ਜੁਲਾਈ 2008 ਨੂੰ ਅਹਿਮਦਾਬਾਦ ਦੇ ਵਿੱਚ ਆਸਾਰਾਮ ਦੇ 'ਗੁਰੂਕੁਲ' (ਰਿਹਾਇਸ਼ੀ ਸਕੂਲ) ਵਿੱਚ ਪੜ੍ਹਦੇ ਚਚੇਰੇ ਭਰਾ ਦੀਪੇਸ਼ ਵਾਘੇਲਾ ਅਤੇ ਅਭਿਸ਼ੇਕ ਵਾਘੇਲਾ ਦੀਆਂ ਲਾਸ਼ਾਂ ਸਾਬਰਮਤੀ ਨਦੀ ਦੇ ਕਿਨਾਰੇ 'ਤੇ ਮਿਲੀਆਂ ਸਨ। ਬੱਚੇ ਦੋ ਦਿਨ ਪਹਿਲਾਂ ਹੀ ਸਕੂਲ ਦੇ ਹੋਸਟਲ ਤੋਂ ਲਾਪਤਾ ਹੋ ਗਏ ਸਨ। ਆਸਾਰਾਮ ਦਾ 'ਆਸ਼ਰਮ', ਨਦੀ ਦੇ ਕਿਨਾਰੇ ਸਥਿਤ ਹੈ।
ਰਿਪੋਰਟ ਮੁਤਾਬਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਆਸ਼ਰਮ ਵਿੱਚ ਆਸਾਰਾਮ ਅਤੇ ਉਨ੍ਹਾਂ ਦੇ ਬੇਟੇ ਨਾਰਾਇਣ ਸਾਂਈ ਨੇ ਤਾਂਤਰਿਕ ਵਿਧੀ ਕੀਤੀ ਸੀ। ਗੁਰੂਕੁਲ ਦਾ ਪ੍ਰਬੰਧਨ ਅਤੇ ਆਸ਼ਰਮ ਅਧਿਕਾਰੀ ਬੱਚਿਆਂ ਦੇ ਰੱਖਿਅਕ ਅਤੇ ਸਰਪ੍ਰਸਤ ਹਨ ਜੋ ਗੁਰੂਕੁਲ ਹੋਸਟਲ ਵਿੱਚ ਰਹਿ ਰਹੇ ਹਨ ਅਤੇ ਬੱਚਿਆਂ ਦੀ ਦੇਖਭਾਲ ਕਰਨਾ ਉਨ੍ਹਾਂ ਦਾ ਫਰਜ਼ ਬਣਦਾ ਹੈ।
ਦੱਸ ਦੇਈਏ ਕਿ ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਾਇਆ ਸੀ ਕਿ ਆਸਾਰਾਮ ਅਤੇ ਉਸ ਦੇ ਬੇਟੇ ਨੇ ਦੋਹਾਂ ਬੱਚਿਆਂ 'ਤੇ ਕਾਲੇ ਜਾਦੂ ਦੀ ਰਸਮ ਕੀਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਰ ਕਮਿਸ਼ਨ ਨੇ ਕਿਹਾ ਕਿ ਮੈਡੀਕਲ ਸਬੂਤ ਬਿਨਾਂ ਕਿਸੇ ਸ਼ੱਕ ਦੇ ਸੀ ਅਤੇ ਡੁੱਬਣ ਨਾਲ ਮੌਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਦਸੰਬਰ 2012 ਵਿੱਚ, ਕਈ ਵਾਰ ਸੰਮਨ ਤੋਂ ਬਚਣ ਤੋਂ ਬਾਅਦ ਆਸਾਰਾਮ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਬਿਆਨ ਦਿੱਤਾ ਕਿ ਆਸ਼ਰਮ ਅਤੇ "ਹਿੰਦੂ ਧਰਮ" ਨੂੰ ਬਦਨਾਮ ਕਰਨ ਦੀ ਸਾਜਿਸ਼ ਰਚਕੇ ਇਹ ਦੋਸ਼ ਉਨ੍ਹਾਂ 'ਤੇ ਲਗਾਏ ਗਏ ਹਨ। ਆਸਾਰਾਮ ਇਸ ਸਮੇਂ ਜਿਨਸੀ ਸ਼ੋਸ਼ਣ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਜੋਧਪੁਰ ਜੇਲ੍ਹ ਵਿੱਚ ਬੰਦ ਹੈ। ਉਹ ਅਹਿਮਦਾਬਾਦ ਵਿੱਚ ਇੱਕ ਹੋਰ ਜਿਨਸੀ ਸ਼ੋਸ਼ਣ ਦੇ ਕੇਸ ਵਿੱਚ ਵੀ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਉਸ ਦੇ ਬੇਟੇ ਨਾਰਾਇਣ ਸਾਈ ਨੂੰ ਸੂਰਤ ਦੀ ਇੱਕ ਅਦਾਲਤ ਨੇ ਬਲਾਤਕਾਰ ਲਈ ਦੋਸ਼ੀ ਠਹਿਰਾਇਆ ਸੀ ਅਤੇ ਉਮਰ ਕੈਦ ਕੱਟ ਰਿਹਾ ਹੈ।