ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਵਧ ਕੇ 445 ਹੋ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਨਾਲ ਜੁੜੇ ਅੰਕੜਿਆਂ ਅਤੇ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਦਿੱਲੀ 'ਚ ਕੋਰੋਨਾ ਦੇ 59 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਮਰਕਜ਼ ਤੋਂ ਬਾਹਰ ਕੱਢੇ ਗਏ ਅਤੇ ਵਿਦੇਸ਼ ਤੋਂ ਆਏ ਲੋਕਾਂ ਨੂੰ ਹਟਾ ਦਿੱਤਾ ਜਾਵੇ ਤਾਂ ਦਿੱਲੀ ਦੇ ਮਾਮਲਿਆਂ ਦੀ ਗਿਣਤੀ 445 ਤੋਂ 40 ਰਹਿ ਜਾਵੇਗੀ।
ਇਨ੍ਹਾਂ ਅੰਕੜਿਆਂ ਤੋਂ ਸਕਾਰਾਤਮਕ ਉਮੀਦ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਅੰਕੜੇ ਦਰਸਾਉਂਦੇ ਹਨ ਕਿ ਕੋਰੋਨਾ ਦਾ ਸਥਾਨਕ ਟਰਾਂਸਮਿਸ਼ਨ ਹੋ ਰਿਹਾ ਹੈ, ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੋ ਰਿਹਾ।
5 ਮ੍ਰਿਤਕਾਂ ਨੂੰ ਸੀ ਹੋਰ ਬਿਮਾਰੀਆਂ
ਅਰਵਿੰਦ ਕੇਜਰੀਵਾਲ ਨੇ ਇਹ ਵੀ ਦੱਸਿਆ ਕਿ 11 ਲੋਕ ਆਈਸੀਯੂ ਵਿੱਚ ਹਨ ਅਤੇ 5 ਵੈਂਟੀਲੇਟਰ 'ਤੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 3 ਉਹ ਹਨ ਜਿਨ੍ਹਾਂ ਨੂੰ ਮਰਕਜ 'ਚੋਂ ਕੱਢਿਆ ਗਿਆ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਇਹਨਾਂ 6 ਵਿੱਚੋਂ 5 ਦੀ ਉਮਰ 60 ਸਾਲ ਤੋਂ ਵੱਧ ਸੀ ਅਤੇ ਇੱਕ ਨੂੰ ਵੀ ਲੀਵਰ ਦੀ ਬਿਮਾਰੀ ਸੀ, ਇੱਕ ਨੂੰ ਸ਼ੂਗਰ ਸੀ, ਦੋ ਨੂੰ ਸਾਹ ਦੀ ਬਿਮਾਰੀ ਸੀ ਅਤੇ ਇੱਕ ਨੂੰ ਦਿਲ ਦੀ ਬਿਮਾਰੀ ਸੀ। ਉਥੇ ਹੀ ਇੱਕ ਮ੍ਰਿਤਕ ਦੀ ਉਮਰ 36 ਸਾਲ ਸੀ. ਇਨ੍ਹਾਂ ਅੰਕੜਿਆਂ ਨੂੰ ਵੇਖਦਿਆਂ ਮੁੱਖ ਮੰਤਰੀ ਨੇ ਸਾਰੇ ਬਜ਼ੁਰਗਾਂ ਨੂੰ ਆਪਣੀ ਸੰਭਾਲ ਕਰਨ ਦੀ ਬੇਨਤੀ ਕੀਤੀ।
ਅਚਾਨਕ ਵਧਣਗੇ ਮਾਮਲੇ
ਮਰਕਜ਼ ਨਾਲ ਜੁੜੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਰਕਜ਼ ਨਾਲ ਜੁੜੇ 500 ਲੋਕ ਅਜੇ ਵੀ ਹਸਪਤਾਲ ਵਿੱਚ ਹਨ ਅਤੇ ਲਗਭਗ 1800 ਲੋਕ ਕੁਆਰੰਟਾਈਨ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਸਾਰੇ 2300 ਲੋਕਾਂ ਦੀ ਜਾਂਚ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਮਰਕਜ਼ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ, ਕੋਰੋਨਾ ਦੀ ਲਾਗ ਦੇ ਮਾਮਲੇ ਅਚਾਨਕ ਵਧ ਸਕਦੇ ਹਨ।
ਜਲਦ ਮੁਹੱਈਆ ਕਰਵਾਈਆਂ ਜਾਣ ਪੀਪੀਈ ਕੀਟਾਂ
ਮੁੱਖ ਮੰਤਰੀ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ। ਉਨ੍ਹਾਂ ਕਿਹਾ ਕਿ ਪੀਪੀਈ ਕਿੱਟਾਂ ਦੀ ਕਮੀ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਡਾਕਟਰ, ਨਰਸਾਂ ਅਤੇ ਸਾਰੇ ਸਟਾਫ ਬਾਰੇ ਚਿੰਤਤ ਹਾਂ ਅਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਡਾਕਟਰ, ਨਰਸ ਪੀਪੀਈ ਤੋਂ ਬਿਨ੍ਹਾਂ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਲਿਖਿਆ ਸੀ, ਪਰ ਸਾਨੂੰ ਅਜੇ ਤੱਕ ਕੇਂਦਰ ਸਰਕਾਰ ਤੋਂ ਇੱਕ ਵੀ ਪੀਪੀਈ ਪ੍ਰਾਪਤ ਨਹੀਂ ਹੋਇਆ ਹੈ। ਸਾਨੂੰ ਤੁਰੰਤ ਪੀਪੀਈ ਕਿੱਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਸਾਡੇ ਡਾਕਟਰ ਬਿਨ੍ਹਾਂ ਕਿਸੇ ਡਰ ਦੇ ਮਰੀਜ਼ਾਂ ਦਾ ਇਲਾਜ ਕਰ ਸਕਣ।