ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਵੀਡੀਓ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਕੇਜਰੀਵਾਲ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਲੀ ਨਾ ਛੱਡ ਕੇ ਜਾਣ ਦੀ ਅਪੀਲ ਕੀਤੀ।
ਕੇਜਰੀਵਾਲ ਨੇ ਮਜ਼ਦੂਰਾਂ ਨੂੰ ਅਪੀਲ ਕਰਦਿਆਂ ਕਿਹਾ, "ਲੌਕਡਾਊਨ ਜਲਦ ਖ਼ਤਮ ਹੋ ਜਾਵੇਗਾ। ਉਸ ਤੋਂ ਬਾਅਦ ਸਭ ਨੂੰ ਨੌਕਰੀ ਮਿਲੇਗੀ, ਕੰਮ ਮਿਲੇਗਾ। ਸਭ ਦੇ ਹਿੱਤ 'ਚ ਹੋਵੇਗਾ ਕਿ ਜੋ ਜਿੱਥੇ ਹੈ, ਉੱਥੇ ਰਹੇ।"
ਕੇਜਰੀਵਾਲ ਨੇ ਕਿਹਾ ਕਿ ਸੜਕਾਂ 'ਤੇ ਮਜ਼ਦੂਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਸਿਸਟਮ ਫ਼ੇਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਬੇਨਤੀ ਹੈ ਕਿ ਪ੍ਰਵਾਸੀ ਮਜ਼ਦੂਰ ਦਿੱਲੀ ਛੱਡ ਕੇ ਨਾ ਜਾਣ।
ਮੁੱਖ ਮੰਤਰੀ ਨੇ ਕਿਹਾ, "ਸਭ ਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਜੇਕਰ ਕੋਈ ਜਾਣਾ ਚਾਹੁੰਦਾ ਹੈ ਤਾਂ ਸਰਕਾਰ ਇੰਤਜ਼ਾਮ ਕਰ ਰਹੀ ਹੈ। ਬਿਹਾਰ, ਮੱਧ ਪ੍ਰਦੇਸ਼ ਟ੍ਰੇਨਾਂ ਗਈਆਂ ਹਨ, ਥੋੜ੍ਹੀ ਉਡੀਕ ਹੋਰ ਕਰੋ ਪਰ ਪੈਦਲ ਨਾ ਜਾਓ।"
ਇਸ ਤੋਂ ਇਲਾਵਾ ਕੇਜਰੀਵਾਲ ਨੇ ਕਿਹਾ ਕਿ ਰਾਜਧਾਨੀ ਦਿੱਲੀ 'ਚ ਕੋਰੋਨਾ ਦੇ 6,923 ਕੇਸ ਹਨ, ਜਦਕਿ 73 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਬਜ਼ੁਰਗਾਂ ਦੀ ਮੌਤ ਜ਼ਿਆਦਾ ਹੋ ਰਹੀ ਹੈ। ਮਰਨ ਵਾਲੇ 82 ਫੀਸਦੀ 'ਚ 50 ਸਾਲ ਤੋਂ ਵਧੇਰੇ ਉਮਰ ਵਾਲੇ ਹਨ। ਕਰੀਬ 1500 ਲੋਕ ਹਸਪਤਾਲ 'ਚ ਭਰਤੀ ਹਨ, ਜਿਨ੍ਹਾਂ 'ਚੋਂ 91 ਆਈਸੀਯੂ ਵਿੱਚ ਹਨ। ਕੋਰੋਨਾ ਨਾਲ ਹੁਣ ਤੱਕ 2091 ਲੋਕ ਠੀਕ ਹੋ ਚੁੱਕੇ ਹਨ।