ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੂਰਬੀ ਦਿੱਲੀ ਦੇ ਭਾਜਪਾ ਉਮੀਦਵਾਰ ਗੌਤਮ ਗੰਭੀਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਗੌਤਮ ਨੂੰ ਇਹ ਨੋਟਿਸ ਮੁੱਖ ਮੰਤਰੀ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਵਰਤੇ ਜਾਣ ਲਈ ਭੇਜਿਆ ਗਿਆ ਹੈ।
ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ ' ਆਗੂ ਅਰਵਿੰਦ ਕੇਜਰੀਵਾਲ ਵੱਲੋਂ ਭੇਜੇ ਗਏ ਇਸ ਨੋਟਿਸ ਵਿੱਚ ਗੌਤਮ ਨੂੰ ਤੁਰੰਤ ਲਿੱਖਤੀ ਤੌਰ 'ਤੇ 24 ਘੰਟਿਆਂ ਦੌਰਾਨ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਇਸ ਦੇ ਨਾਲ -ਨਾਲ ਮੁਆਫੀਨਾਮੇ ਨੂੰ ਮੀਡੀਆਂ ਰਾਹੀਂ ਸਹੀ ਤੱਤਾਂ ਸਮੇਤ ਜਨਤਕ ਕੀਤੇ ਜਾਣ ਲਈ ਵੀ ਕਿਹਾ ਗਿਆ ਹੈ।
ਗੌਤਮ ਗੰਭੀਰ ਨੇ ਆਪਣੇ ਟਵੀਟ 'ਚ ਲਿੱਖਿਆ ਸੀ ਕਿ ਮੈਂ ਸ਼ਰਮਿੰਦਾ ਹਾਂ ਕਿ ਅਰਵਿੰਦ ਕੇਜਰੀਵਾਲ ਵਰਗਾ ਵਿਅਕਤੀ ਮੁੱਖ ਮੰਤਰੀ ਹੈ। ਤੁਹਾਡੇ ਦਿਮਾਗ ਨੂੰ ਸਾਫ਼ ਕਰਨ ਲਈ ਝਾੜੂ ਦੀ ਲੋੜ ਹੈ।
ਆਪ ਵਲੋਂ ਦੋਸ਼ ਲਗਾਏ ਜਾਣ ਮਗਰੋਂ ਗੌਤਮ ਗੰਭੀਰ ਨੇ ਇਸ ਸਬੰਧ ਵਿੱਚ ਕਈ ਟਵੀਟ ਕੀਤੇ। ਇਨ੍ਹਾਂ ਵਿੱਚ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਵੱਲੋਂ ਖ਼ੁਦ ਉੱਤੇ ਲਗਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਇਹ ਦੋਸ਼ ਗ਼ਲਤ ਹਨ ।
ਸ਼ੁੱਕਰਵਾਰ ਨੂੰ ਵੀ ਆਪ ਨੇ ਗੌਤਮ ਅਤੇ ਭਾਜਪਾ ਪਾਰਟੀ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ । ਇਸ ਦੇ ਨਾਲ ਹੀ ਆਤਿਸ਼ੀ ਨੇ ਮਹਿਲਾ ਕਮਿਸ਼ਨ ਵਿੱਚ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਕੇ ਕਰਵਾਈ ਕਰਨ ਦੀ ਮੰਗ ਕੀਤੀ । ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੰਭੀਰ ਨੇ ਆਪ ਵਲੋਂ ਲਗਾਏ ਗਏ ਦੋਸ਼ ਤੋਂ ਬਾਅਦ ਆਤਿਸ਼ੀ, ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਭੇਜਿਆ ਸੀ ।