ਨਵੀਂ ਦਿੱਲੀ: ਰਾਮਲੀਲਾ ਮੈਦਾਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਰਵਿੰਦ ਕੇਜਰੀਵਾਲ ਅੱਜ(16 ਫ਼ਰਵਰੀ) ਹਲਫ਼ ਲੈਣਗੇ। ਇਸ ਨੂੰ ਲੈ ਇਲਾਕੇ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਜਾਣਕਾਰੀ ਲਈ ਦੱਸ ਦਈਏ ਕਿ ਕੇਜਰੀਵਾਲ ਦਾ ਹਲਫ਼ਬਰਦਾਰੀ ਸਮਾਗ਼ਮ ਸਵੇਰੇ 10 ਵਜੇ ਸ਼ੁਰੂ ਹੋ ਜਾਵੇਗਾ। ਇਸ ਤਹਿਤ ਇਲਾਕੇ ਵਿੱਚ ਸਵੇਰੇ 8 ਵਜੇ ਤੋਂ ਦੁਪਿਹਰ 2 ਵਜੇ ਤੱਕ ਆਵਾਜਾਈ ਦੇ ਨਿਯਮ ਲਾਗੂ ਹੋਣਗੇ।
ਅਧਿਕਾਰੀਆਂ ਨੇ ਦੱਸਿਆ ਕਿ ਸਹੁੰ ਚੱਕ ਸਮਾਗ਼ਮ ਲਈ ਦਿੱਲੀ ਪੁਲਿਸ, ਸੀਆਰਪੀਐਫ਼ ਸਮੇਤ ਅਰਧਸੈਨਿਕ ਬਲ ਦੇ 2 ਹਜ਼ਾਰ ਤੋਂ 3 ਹਜ਼ਾਰ ਜਵਾਨ ਮੌਜੂਦ ਰਹਿਣਗੇ। ਇਸ ਤੋਂ ਇਲਾਵੇ ਇਲਾਕੇ ਦੀ ਨਿਗਰਾਨੀ ਡਰੋਨ ਰਾਹੀਂ ਵੀ ਰੱਖੀ ਜਾਵੇਗੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਮਲੀਲਾ ਮੈਦਾਨ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ 'ਤੇ ਸੀਸੀਟੀਵੀ ਨਾਲ ਨਿਗਰਾਨੀ ਰੱਖੀ ਜਾਵੇਗੀ। ਮੈਦਾਨ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਗੇਟਾਂ ਤੇ ਮੈਟਲ ਡੀਟੈਕਟਰ ਹੋਵੇਗਾ।
ਇਸ ਤੋਂ ਇਲਾਵਾ ਮੀਡੀਆ ਦੀਆਂ ਆਉਣ ਵਾਲੀਆਂ ਓਵੀ ਵੈਨਾਂ ਲਈ ਵੀ ਖ਼ਾਸ ਪਾਰਕਿੰਗ ਦਿੱਤੀ ਗਈ ਹੈ। ਇਹ ਜਵਾਹਰਲਾਲ ਨਹਿਰੂ ਮਾਰਗ, ਰਾਮਲੀਲਾ ਮੈਦਾਨ ਦੇ ਸਾਹਮਣੇ ਅਤੇ ਪਿੱਛੇ ਅਤੇ ਕਮਲਾ ਮਾਰਕਿਟ ਦੇ ਨੇੜਲੇ ਇਲਾਕੇ ਵਿੱਚ ਖੜ੍ਹੀਆਂ ਕੀਤੀਆਂ ਜਾਣਗੀਆਂ।