ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੂੰ ਦਿੱਲੀ ਦੇ ਏਮਸ ਵਿੱਚ ਭਰਤੀ ਕਰਵਾਇਆ ਗਿਆ ਹੈ। ਜੇਤਲੀ ਨੂੰ ਸਾਹ ਲੈਣ ਦੀ ਸ਼ਿਕਾਇਤ ਸੀ ਜਿਸ ਕਰਕੇ ਅੱਜ ਦਿੱਲੀ ਦੇ ਏਮਸ ਵਿੱਚ ਭਰਤੀ ਕਰਵਾਇਆ ਗਿਆ ਹੈ।
ਅਰੁਣ ਜੇਤਲੀ ਦੀ ਨਾਸਾਜ਼ ਸਿਹਤ ਦਾ ਹਾਲ ਜਾਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵੀ ਏਮਸ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾਂ ਹੋਰ ਵੀ ਕਈ ਮੰਤਰੀਆਂ ਦੇ ਪਹੁੰਚਣ ਦੀਆਂ ਬਿੜਕਾਂ ਲੱਗ ਰਹੀਆਂ ਹਨ।
ਇੱਥੇ ਇਹ ਤਾਂ ਦੱਸਣਾ ਬਣਦਾ ਹੈ ਕਿ ਪਿਛਲੀ ਵਾਰ ਵਿੱਤ ਮੰਤਰੀ ਦਾ ਅਹੁਦਾ ਸਾਂਭਣ ਵਾਲੇ ਮੰਤਰੀ ਨੇ ਇਸ ਵਾਰ ਸੁਹੰ ਚੁੱਕ ਸਮਾਗਮ ਤੋਂ ਇੱਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਜਿਸ ਵਿੱਚ ਜੇਤਲੀ ਨੇ ਖ਼ਰਾਬ ਸਿਹਤ ਦਾ ਹਵਾਲਾ ਦੇ ਕਿਹਾ ਕਿ ਉਹ ਇਸ ਵਾਰ ਮੰਤਰੀ ਨਹੀਂ ਬਣਨਾ ਚਾਹੁੰਦੇ।
ਸਾਬਕਾ ਵਿੱਤ ਮੰਤਰੀ ਤਕਰੀਬਨ ਪਿਛਲੇ 18 ਮਹੀਨਿਆਂ ਤੋਂ ਬਿਮਾਰ ਹੀ ਚੱਲ ਰਹੇ ਹਨ। ਸਿਹਤ ਜ਼ਿਆਦਾ ਖ਼ਰਾਬ ਹੋਣ ਕਰਕੇ ਅੱਜ ਏਮਸ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰ ਪੁੱਜਣੇ ਸ਼ੁਰੂ ਹੋ ਗਏ ਹਨ।