ਪੁੰਛ: ਪਾਕਿਸਤਾਨ ਨੇ ਸੋਮਵਾਰ ਤੜਕਸਾਰ ਸਾਢੇ ਤਿੰਨ ਵਜੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਅਤੇ ਮਾਨਕੋਟ ਸੈਕਟਰਾਂ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ। ਇਸ ਤੋਂ ਬਾਅਦ ਮੁੜ ਸਵੇਰੇ ਸਾਢੇ ਪੰਜ ਵਜੇ ਨੌਸ਼ਹਿਰਾ ਸੈਕਟਰ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ। ਭਾਰਤੀ ਫ਼ੌਜ ਵੀ ਜਵਾਬੀ ਕਾਰਵਾਈ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਉੱਤੇ ਪਾਕਿਸਤਾਨੀ ਗੋਲੀਬਾਰੀ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ।
ਇਸ ਤੋਂ ਪਹਿਲਾਂ ਪਾਕਿਸਤਾਨੀ ਸੈਨਿਕਾਂ ਨੇ ਜੰਮੂ ਅਤੇ ਕਸ਼ਮੀਰ ਦੇ ਪੁੰਛ ਅਤੇ ਕਠੂਆ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਅਤੇ ਅੰਤਰ ਰਾਸ਼ਟਰੀ ਸਰਹੱਦ ਦੇ ਨਾਲ ਲੱਗਦੀਆਂ ਫਾਰਵਰਡ ਚੌਕੀਆਂ ਅਤੇ ਪਿੰਡਾਂ ਵਿੱਚ ਮੋਰਟਾਰ ਦਾਗੇ। ਹਾਲਾਂਕਿ, ਭਾਰਤ ਵੱਲੋਂ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।