ਨਵੀਂ ਦਿੱਲੀ: ਸਾਂਸਦ ਦੇ ਦੋਵਾਂ ਸਦਨਾਂ ਤੋਂ ਨਾਗਰਿਕ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਵਿਗੜਦੀ ਕਾਨੂੰਨ ਵਿਵਸਥਾ ਨੂੰ ਵੇਖਕੇ ਅਸਮ ਅਤੇ ਤ੍ਰਿਪੁਰਾ ਵਿੱਚ ਵੱਡੀ ਗਿਣਤੀ ਫ਼ੌਜ ਭੇਜੀ ਗਈ ਹੈ। ਫ਼ੌਜ ਦੇ ਬੁਲਾਰੇ ਅਮਨ ਆਨੰਦ ਦੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਦੀ ਬੇਨਤੀ ਦੇ ਚਲਦਿਆਂ ਉੱਥੇ 8 ਫ਼ੌਜ ਦੀਆਂ ਟੁਕੜੀਆਂ ਭੇਜੀਆਂ ਗਈਆਂ ਹਨ। ਫ਼ੌਜ ਦੀਆਂ 5 ਟੁਕੜੀਆਂ ਅਸਮ ਵਿੱਚ ਤੈਨਾਤ ਕੀਤੀਆਂ ਗਈਆਂ ਹਨ। ਇੱਕ ਟੁਕੜੀ ਵਿੱਚ 70 ਫ਼ੌਜੀ ਅਤੇ 1 ਤੋਂ 2 ਅਧਿਕਾਰੀ ਹੁੰਦੇ ਹਨ।
ਤ੍ਰਿਪੁਰਾ ਵਿੱਚ ਅਸਮ ਰਾਇਫ਼ਲਸ ਦੀਆਂ ਤਿੰਨ ਟੁਕੜੀਆਂ ਤੈਨਾਤ ਕੀਤੀਆਂ ਗਈਆਂ ਹਨ। ਫ਼ੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਤੈਨਾਤ ਕੀਤੇ ਗਏ ਕਰਮਚਾਰੀਆਂ ਦਾ ਕੰਮ ਲੋੜ ਪੈਣ ਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਕਰਨਾ ਹੈ। ਗੁਵਹਾਟੀ ਨਾਗਰਿਕ ਸੋਧ ਬਿੱਲ ਦੇ ਵਿਰੁੱਧ ਹੋ ਰਹੇ ਪ੍ਰਦਰਸ਼ਨ ਦਾ ਕੇਂਦਰ ਬਿੰਦੂ ਬਣ ਗਿਆ ਹੈ ਜਿਸ ਦੇ ਚਲਦੇ ਅਸਮ ਸਰਕਾਰ ਨੂੰ ਸ਼ਹਿਰ ਵਿੱਚ ਅਣਮਿੱਥੇ ਸਮੇਂ ਲਈ ਕਰਫ਼ਿਊ ਲਾਉਣਾ ਪਿਆ ਹੈ।
ਲੋਕ ਸਭਾ ਵਿੱਚ ਸੋਮਵਾਰ ਅੱਧੀ ਰਾਤ ਨੂੰ ਬਿੱਲ ਪਾਸ ਹੋਣ ਤੋਂ ਬਾਅਦ ਦੋਵਾਂ ਸੂਬਿਆਂ ਵਿੱਚ ਹਲਾਤ ਖ਼ਰਾਬ ਹੋਣ ਲੱਗ ਪਏ ਸੀ। ਬੁੱਧਵਾਰ ਰਾਤ ਨੂੰ ਜ਼ਬਰਦਸਤ ਵਿਰੋਧ ਦੇ ਬਾਵਜੂਦ ਵੀ ਰਾਜ ਸਭਾ ਵਿੱਚ ਪਾਸ ਹੋ ਗਿਆ।