ਨਵੀਂ ਦਿੱਲੀ: ਸਮਾਜ ਸੇਵੀ ਕਾਰਕੁਨ ਅਤੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ ਵਿੱਚ ਆਪਣੇ 2 ਟਵੀਟਾਂ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਵਿਚਾਰ ਹੈ ਅਤੇ ਉਹ ਇਸ ਦੇ ਨਾਲ ਖੜੇ ਹਨ।
ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਆਪਣੇ ਵਿਚਾਰ ਜ਼ਾਹਰ ਕਰਨ ਲਈ ਸ਼ਰਤ ਜਾਂ ਬਿਨਾਂ ਸ਼ਰਤ ਮੁਆਫ਼ੀ ਮੰਗਣਾ ਉਚਿਤ ਨਹੀਂ ਹੋਵੇਗਾ। ਪ੍ਰਸ਼ਾਂਤ ਭੂਸ਼ਣ ਨੇ ਅਦਾਲਤ ਵਿੱਚ ਕਿਹਾ ਕਿ ਭਾਵ ਹੀਣ ਮੁਆਫੀ ਮੰਗਣਾ ਜ਼ਮੀਰ ਅਤੇ ਇੱਕ ਸੰਸਥਾ ਦੇ ਅਪਮਾਨ ਵਰਗਾ ਹੋਵੇਗਾ।
ਕੀ ਹੈ ਮਾਮਲਾ ?
ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਉਨ੍ਹਾਂ 2 ਟਵੀਟਾਂ ਦਾ ਬਚਾਅ ਕੀਤਾ, ਜਿਨ੍ਹਾਂ ਲਈ ਉਨ੍ਹਾਂ ਨੂੰ ਅਦਾਲਤ ਦੀ ਮਾਣਹਾਨੀ ਦਾ ਦੋਸ਼ ਠਹਿਰਾਇਆ ਗਿਆ। ਭੂਸ਼ਣ ਨੂੰ ਸੁਪਰੀਮ ਕੋਰਟ ਨੇ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਮੰਨਦਿਆਂ 24 ਅਗਸਤ ਤੱਕ ਆਪਣੀ 'ਬਗਾਵਤੀ ਬਿਆਨਬਾਜ਼ੀ' 'ਤੇ ਮੁੜ ਵਿਚਾਰ ਕਰਨ ਅਤੇ ਬਿਨਾਂ ਸ਼ਰਤ ਮਾਫੀ ਮੰਗਣ ਦਾ ਸਮਾਂ ਦਿੱਤਾ ਸੀ।
ਭੂਸ਼ਣ ਨੇ ਕਿਹਾ ਕਿ ਉਹ ਟਵੀਟ ਜੱਜਾਂ ਦੇ ਖ਼ਿਲਾਫ਼ ਉਨ੍ਹਾਂ ਦੇ ਨਿੱਜੀ ਪੱਧਰ ਦੇ ਆਚਰਣ ਬਾਰੇ ਸਨ ਅਤੇ ਉਹ ਨਿਆਂ ਪ੍ਰਬੰਧਨ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਕਰਦੇ।