ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨਰ ਨੇ ਪ੍ਰੈਸ ਗੱਲਬਾਤ ਤੋਂ ਬਾਅਦ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਬਿਹਾਰ ਚੋਣਾਂ ਮੁਲਤਵੀ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਸੁਪਰੀਮ ਕੋਰਟ ਨੂੰ ਚੋਣ ਮੁਲਤਵੀ ਕਰਨ ਦੀ ਅਪੀਲ ਕੀਤੀ ਗਈ ਸੀ।
ਤਿੰਨ ਪੜਾਵਾਂ ਵਿੱਚ ਚੋਣ
- ਪਹਿਲੇ ਪੜਾਅ ਵਿੱਚ 16 ਜ਼ਿਲ੍ਹਿਆਂ ਦੀਆਂ 71 ਸੀਟਾਂ 'ਤੇ ਵੋਟਿੰਗ ਹੋਵੇਗੀ।
- 31 ਹਜ਼ਾਰ ਬੂਥਾਂ 'ਤੇ ਵੋਟਾਂ ਪਾਈਆਂ ਜਾਣਗੀਆਂ।
- ਦੂਜੇ ਪੜਾਅ ਲਈ 3 ਨਵੰਬਰ ਨੂੰ ਹੋਵੇਗੀ ਵੋਟਿੰਗ।
- 42 ਹਜ਼ਾਰ ਪੋਲਿੰਗ ਸਟੇਸ਼ਨ, 17 ਜ਼ਿਲ੍ਹਿਆਂ ਦੀਆਂ 94 ਸੀਟਾਂ 'ਤੇ ਵੋਟਿੰਗ।
- 7 ਨਵੰਬਰ ਨੂੰ ਤੀਜੇ ਪੜਾਅ ਦੀ ਵੋਟਿੰਗ।
- ਤੀਜੇ ਪੜਾਅ ਵਿੱਚ ਕੁੱਲ 33.5 ਹਜ਼ਾਰ ਪੋਲਿੰਗ ਸਟੇਸ਼ਨ ਹੋਣਗੇ, ਅਤੇ 15 ਜ਼ਿਲ੍ਹਿਆਂ ਵਿੱਚ 78 ਸੀਟਾਂ 'ਤੇ ਵੋਟਿੰਗ ਹੋਵੇਗੀ।
- ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਕੀਤੀ ਜਾਵੇਗੀ।
ਕੋਰੋਨਾ ਲਾਗ ਵਾਲੇ ਲੋਕ ਵੀ ਪਾ ਸਕਣਗੇ ਵੋਟ
ਸੁਨੀਲ ਅਰੋੜਾ ਨੇ ਕਿਹਾ ਕਿ ਚੋਣਾਂ ਲਈ ਆਨਲਾਈਨ ਨਾਮਜ਼ਦਗੀ ਪੱਤਰ ਵੀ ਭਰੇ ਜਾਣਗੇ। ਚੋਣ ਪ੍ਰਚਾਰ ਬਾਰੇ ਉਨ੍ਹਾਂ ਕਿਹਾ ਕਿ ਪੰਜ ਤੋਂ ਵਧੇਰੇ ਲੋਕ ਘਰਾਂ ਵਿੱਚ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ। ਪ੍ਰਚਾਰ ਦੌਰਾਨ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ। ਇਸ ਦੇ ਨਾਲ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ ਵੀ ਵੋਟ ਪਾ ਸਕਣਗੇ।
ਵੋਟ ਪਾਉਣ ਦਾ ਸਮਾਂ
ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਪੋਲਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਣੀ ਹੈ। ਕੁਆਰੰਟੀਨ ਵਿੱਚ ਰਹਿਣ ਵਾਲੇ ਲੋਕ ਚੋਣਾਂ ਦੇ ਆਖ਼ਰੀ ਘੰਟੇ ਵਿੱਚ ਵੋਟ ਪਾਉਣ ਦੇ ਯੋਗ ਹੋਣਗੇ। ਇੱਕ ਬੂਥ 'ਤੇ ਇੱਕ ਹਜ਼ਾਰ ਵੋਟਰ ਹੋਣਗੇ। ਇਸਦੇ ਨਾਲ ਬੂਥ ਪੱਧਰ 'ਤੇ ਥਰਮਲ ਸਕੈਨਰ ਲਗਾਏ ਜਾਣਗੇ।
ਸੁਰੱਖਿਆ ਦੇ ਮਿਆਰਾਂ ਦਾ ਵਿਸ਼ੇਸ਼ ਧਿਆਨ
ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ। ਕੋਰੋਨਾ ਕਾਰਨ 70 ਦੇਸ਼ਾਂ ਵਿੱਚ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਚੋਣਾਂ ਸੁਰੱਖਿਆ ਮਾਪਦੰਡਾਂ ਦੇ ਅਧੀਨ ਹੋਣਗੀਆਂ। ਸੁਨੀਲ ਅਰੋੜਾ ਨੇ ਅੱਗੇ ਕਿਹਾ ਕਿ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 29 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਹੈ। ਬਿਹਾਰ ਦੀ ਚੋਣ ਕੋਰੋਨਾ ਦੇ ਸਮੇਂ ਦੌਰਾਨ ਵਿਸ਼ਵ ਦੀ ਸਭ ਤੋਂ ਵੱਡੀ ਚੋਣ ਹੋਣ ਜਾ ਰਹੀ ਹੈ।
ਬਿਹਾਰ ਵਿੱਚ ਵੋਟਰਾਂ ਦੀ ਗਿਣਤੀ
ਸੁਨੀਲ ਅਰੋੜਾ ਨੇ ਕਿਹਾ ਕਿ ਬਿਹਾਰ ਵਿੱਚ ਕੁੱਲ ਵੋਟਰਾਂ ਦੀ ਗਿਣਤੀ 7.29 ਕਰੋੜ ਹੈ, ਜਿਨ੍ਹਾਂ ਵਿੱਚ ਮਹਿਲਾ ਵੋਟਰ 3.39 ਕਰੋੜ ਹਨ, ਜਦੋਂ ਕਿ ਪੁਰਸ਼ ਵੋਟਰ 3.79 ਕਰੋੜ ਹਨ।