ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪੇਸ਼ਾਵਰ 'ਚ ਹੋਏ ਸਿੱਖ ਕਤਲ ਮਾਮਲੇ ਦੀ ਹੈਰਾਨੀ ਜ਼ਾਹਰ ਕਰਦੇ ਹੋਏ ਦੁੱਖ ਪ੍ਰਗਟ ਕੀਤਾ। ਕੈਪਟਨ ਨੇ ਟਵੀਟ ਕਰ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ 'ਤੇ ਹਮਲੇ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਤੇ ਅਜਿਹੇ 'ਚ ਸਿੱਖ ਨੌਜਵਾਨ ਦਾ ਕਤਲ ਬੇਹੱਦ ਨਿੰਦਣਯੋਗ ਹੈ।
ਕੈਪਟਨ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਸ ਮਾਮਲੇ 'ਤੇ ਲਾਜ਼ਮੀ ਤੌਰ 'ਤੇ ਪੂਰੀ ਜਾਂਚ ਕਰੇ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ। ਕੈਪਟਨ ਨੇ ਪਾਕਿ ਨੂੰ ਨਸੀਹਤ ਦਿੰਦੇ ਹੋਏ ਕਿਹਾ ਜੋ ਕਹਿੰਦੇ ਹੋ ਉਹ ਅਮਲ 'ਚ ਲਿਆਉਣ ਦਾ ਸਮਾਂ ਆ ਗਿਆ ਹੈ।
ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਵੀ ਕੀਤੀ ਨਿਖੇਧੀ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭੀੜ ਨੇ ਸਾਡੇ ਪਵਿੱਤਰ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹਮਲਾ ਕਰਨ ਤੋਂ ਇੱਕ ਦਿਨ ਬਾਅਦ, ਪੇਸ਼ਾਵਰ ਵਿੱਚ ਸਿੱਖ ਨੌਜਵਾਨ ਦੀ ਇਸ ਬੇਰਹਿਮੀ ਨਾਲ ਹੋਏ ਕਤਲ ਤੋਂ ਪਤਾ ਲੱਗਦਾ ਹੈ ਕਿ ਪਾਕਿ ਵਿੱਚ ਘੱਟ ਗਿਣਤੀਆਂ ਨੂੰ ਅੱਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ, "ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਮਸਲੇ ਨੂੰ ਇਮਰਾਨ ਖ਼ਾਨ ਕੋਲ ਚੁੱਕਣ ਅਤੇ ਉਥੋਂ ਦੇ ਸਿੱਖ ਭਰਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।"
ਇੱਕ ਹੋਰ ਟਵੀਟ 'ਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਕ ਹੋਰ ਸਿੱਖ ਨੂੰ ਇਸ ਲਈ ਮਾਰਿਆ ਗਿਆ ਹੈ ਕਿਉਂਕਿ ਉਸ ਦਾ ਭਰਾ, ਪਾਕਿਸਤਾਨ ਵਿੱਚ ਪਹਿਲੇ ਸਿੱਖ ਨਿਊਜ਼ ਐਂਕਰ ਹੈ ਤੇ ਉਸ ਨੇ ਘੱਟ ਗਿਣਤੀਆਂ 'ਤੇ ਅੱਤਿਆਚਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸੀ।