ਹਿਊਸਟਨ: ਇੱਕ ਵਾਰ ਮੁੜ ਅਮਰੀਕਾ ਦੀ ਧਰਤੀ 'ਤੇ ਇੱਕ ਪੱਗੜੀਧਾਰੀ ਸਿੱਖ ਨੌਜਵਾਨ ਨੇ ਇਤਿਹਾਸ ਸਿਰਜਿਆ ਹੈ। ਅਮਰੀਕਾ ਦੇ ਟੈਕਸਸ ਸੂਬੇ ਦੇ ਹੈਰਿਸ ਕਾਉਂਟੀ ਵਿੱਚ 21 ਸਾਲਾ ਦੇ ਅਮ੍ਰਿਤ ਸਿੰਘ ਨਾਮੀ ਸਾਬਤ ਸੂਰਤ ਸਿੱਖ ਪੁਲਿਸ ਅਫਸਰ ਨੂੰ ਡਿਪਟੀ ਕਾਂਸਟੇਬਲ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਹੈ।
ਅਮਰੀਕਾ ਦੀ ਫ਼ੌਜ ਤੇ ਪੁਲਿਸ ਵਿੱਚ ਬੜੀ ਮੁਸ਼ੱਕਤ ਤੋਂ ਬਾਅਦ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ੍ਹਾਂ ਸਮੇਤ ਆਪਣੀਆਂ ਸੇਵਾਵਾਂ ਨੂੰ ਨਿਭਾਉਣ ਦੀ ਆਗਿਆ ਮਿਲੀ ਸੀ। ਜਿਸ ਤੋਂ ਬਆਦ ਮਰਹੂਮ ਸੰਦੀਪ ਸਿੰਘ ਧਾਲੀਵਾਲ ਸਮੇਤ ਕਈ ਲੋਕਾਂ ਨੇ ਅਮਰੀਕੀ ਫੌਜ ਤੇ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਜਾਂ ਦੇ ਰਹੇ ਹਨ। ਪਰ ਹੈਰਿਸ ਕਾਉਂਟੀ ਦੀ ਪੁਲਿਸ ਵਿੱਚ ਪਹਿਲੀ ਵਾਰ ਨਵੇਂ ਇਤਿਹਾਸ ਦੀ ਸਿਰਜਨਾ ਕਰਦੇ ਮਹਿਜ਼ 21 ਵਰ੍ਹਿਆਂ ਦੀ ਉਮਰ ਵਿੱਚ ਅਮ੍ਰਿਤ ਸਿੰਘ ਨੇ ਪੂਰੇ ਸਿੱਖੀ ਸਰੂਪ ਵਿੱਚ ਡਿਪਟੀ ਕਾਂਸਟੇਬਲ ਵਜੋਂ ਸਹੁੰ ਚੁੱਕੀ ਹੈ।
ਇਸ ਮੌਕੇ ਅਮ੍ਰਿਤ ਸਿੰਘ ਨੇ ਕਿਹਾ, "ਮੈਂ ਹਮੇਸ਼ਾ ਹੀ ਡਿਪਟੀ ਕਾਂਸਟੇਬਲ ਬਨਣਾ ਚਹੁੰਦਾ ਸੀ ਅਤੇ ਮੇਰੇ ਲਈ ਮੇਰੇ ਸਿੱਖੀ ਦੇ ਸਿਧਾਂਤ ਵੀ ਬਹੁਤ ਮਹੱਤਵਪੂਰਨ ਹਨ।" ਉਨ੍ਹਾਂ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਆਖਿਆ ਕਿ ਕਾਂਸਟੇਬਲ ਅਲਾਨ ਰੋਜੇਨ ਉਹ ਪਹਿਲਾ ਵਿਅਕਤੀ ਹੈ ਜਿਸ ਨੇ ਮੈਨੂੰ ਇਹ ਖਾਸ ਮੌਕਾ ਦਿੱਤਾ ਤੇ ਜਿਸ ਨੇ ਇਸ ਏਜੰਸੀ ਵਿੱਚ ਮੇਰਾ ਖੁੱਲ੍ਹੀਆਂ ਬਾਵਾਂ ਨਾਲ ਸਵਾਗਤ ਕੀਤਾ ਹੈ।"