ਨਵੀਂ ਦਿੱਲੀ: ਚੱਕਰਵਾਤੀ ਤੂਫ਼ਾਨ ਅਮਫਾਨ ਨੇ ਪੱਛਮੀ ਬੰਗਾਲ 'ਚ 2 ਲੋਕਾਂ ਦੀ ਜਾਨ ਲੈ ਲਈ ਹੈ ਅਤੇ 2 ਹੋਰ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਤੂਫ਼ਾਨ ਕਾਰਨ 5500 ਦੇ ਕਰੀਬ ਘਰ ਵੀ ਤਬਾਹ ਹੋਏ ਹਨ।
ਹਾਵੜਾ 'ਚ ਦਰਖ਼ਤ ਡਿੱਗਣ ਨਾਲ 13 ਸਾਲਾ ਬੱਚੀ ਦੀ ਮੌਤ ਹੋਈ ਹੈ, ਉੱਥੇ ਹੀ ਉੱਤਰੀ 24 ਪਰਗਨਾ 'ਚ ਇੱਕ ਔਰਤ ਦੀ ਮੌਤ ਹੋਈ ਹੈ। ਅਮਫਾਨ ਨਾਲ ਓਡੀਸ਼ਾ 'ਚ ਭਾਰੀ ਤਬਾਹੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਪੱਛਮੀ ਬੰਗਾਲ ਤਟ ਵੱਲ ਵੱਧ ਰਹੇ ਚੱਕਰਵਾਤ ਦੌਰਾਨ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਬਾਰਿਸ਼ ਹੋਈ। ਇਸ ਨਾਲ ਵੱਡੀ ਗਿਣਤੀ 'ਚ ਦਰਖਤ ਡਿੱਗ ਗਏ ਉੱਥੇ ਹੀ ਕਈ ਕੱਚੇ ਮਕਾਨ ਵੀ ਢਹਿ ਗਏ।
ਓਡੀਸ਼ਾ 'ਚ 3 ਮਹੀਨੇ ਦੇ ਬੱਚੇ ਦੀ ਮੌਤ
ਓਡੀਸ਼ਾ ਵਿੱਚ ਬੁੱਧਵਾਰ ਨੂੰ ਚੱਕਰਵਾਤੀ ਅਮਫਾਨ ਕਾਰਨ ਪਹਿਲੇ ਜਾਨੀ ਨੁਕਸਾਨ ਦੀ ਖ਼ਬਰ ਮਿਲੀ ਹੈ। ਤੇਜ਼ ਹਵਾਵਾਂ ਨਾਲ ਉੱਡ ਰਹੇ ਮਲਬੇ ਹੇਠਾਂ ਫਸ ਜਾਣ ਕਾਰਨ 3 ਮਹੀਨੇ ਦੇ ਇੱਕ ਬੱਚੇ ਦੀ ਮੌਤ ਹੋ ਗਈ ਹੈ।