ਨਵੀਂ ਦਿੱਲੀ: ਦਿੱਲੀ ਵਿਧਾਨ ਚੋਣਾਂ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੁਕਰਵਾਰ ਨੂੰ ਇੱਕ ਰੈਲੀ ਕਰਦੇ ਹੋਏ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 'ਕੇਜਰੀਵਾਲ ਜੀ ਤੁਸੀਂ ਕਿਹਾ ਸੀ ਕਿ ਮੈਂ ਪੂਰੀ ਦਿੱਲੀ ਨੂੰ ਮੁਫਤ ਵਾਈ-ਫਾਈ ਬਣਾਵਾਂਗਾ, ਸ਼ਾਹ ਨੇ ਕਿਹਾ ਕਿ ਮੈਂ ਰਸਤੇ ਵਿੱਚ ਵਾਈ-ਫਾਈ ਦੀ ਭਾਲ ਕਰਦੇ ਹੋਏ ਆਇਆ ਹਾਂ, ਪਰ ਬੈਟਰੀ ਖ਼ਤਮ ਹੋ ਗਈ ਪਰ Wi-Fi ਨਹੀਂ ਮਿਲਿਆ।
ਅਮਿਤ ਸ਼ਾਹ ਦੇ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਰਾਹੀਂ ਜਵਾਬ ਦਿੰਦੇ ਹੋਏ ਕਿਹਾ ਕਿ, 'ਸਰ, ਅਸੀਂ ਮੁਫਤ ਵਾਈ-ਫਾਈ ਦੇ ਨਾਲ-ਨਾਲ ਮੁਫਤ ਬੈਟਰੀ ਚਾਰਜਿੰਗ ਦਾ ਵੀ ਪ੍ਰਬੰਧ ਕੀਤਾ ਹੈ। ਦਿੱਲੀ ਵਿੱਚ 200 ਯੂਨਿਟ ਬਿਜਲੀ ਮੁਫਤ ਹੈ।
ਇਸ ਦੇ ਨਾਲ ਹੀ ਕੇਜਰੀਵਾਲ ਨੇ ਟਵੀਟ ਕੀਤਾ ਕਿ ਮੁਫਤ ਸੇਵਾਵਾਂ ਨੂੰ ਸੀਮਤ ਮਾਤਰਾ ਵਿੱਚ ਦੇਣਾ ਅਰਥਚਾਰੇ ਲਈ ਚੰਗਾ ਹੈ। ਜੋ ਕਿ ਮੰਗ ਨੂੰ ਵਧਾਉਂਦਾ ਹੈ, ਪਰ ਇਹ ਇਸ ਹੱਦ ਤੱਕ ਕੀਤਾ ਜਾਣਾ ਚਾਹੀਦਾ ਹੈ ਕਿ ਕੋਈ ਵਾਧੂ ਟੈਕਸ ਨਹੀਂ ਲਾਇਆ ਜਾਣਾ ਚਾਹੀਦਾ ਅਤੇ ਇਸ ਨਾਲ ਬਜਟ ਦੀ ਵੀ ਘਾਟ ਨਾ ਹੋਵੇ।
ਭਾਜਪਾ ਦੀ ਆਲੋਚਨਾ ਕਰਦਿਆਂ ਕੇਜਰੀਵਾਲ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਸੀਸੀਟੀਵੀ, ਸਕੂਲ ਅਤੇ ਕੱਚੀਆਂ ਕਲੋਨੀਆਂ ਦੇ ਮੁੱਦਿਆਂ ਦੇ ਅਧਾਰ 'ਤੇ ਵੋਟਾਂ ਮੰਗਣ ਲਈ ਮਜਬੂਰ ਕੀਤਾ।
ਦਰਅਸਲ ਦਿੱਲੀ ਭਾਜਪਾ ਨੇ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਜਰੀਵਾਲ ਨੂੰ ਸਵਾਲ ਕੀਤਾ ਸੀ ਕਿ ਦੱਸੋ ਕਿੰਨੇ ਸਕੂਲ ਬਣਾਏ ਗਏ ਹਨ। ਪੰਦਰਾਂ ਲੱਖ ਸੀਸੀਟੀਵੀ ਕੈਮਰੇ ਲਗਾਉਣ ਦੀ ਗੱਲ ਚੱਲ ਰਹੀ ਸੀ ਅਤੇ ਤੁਸੀਂ ਕੁਝ ਸੀਸੀਟੀਵੀ ਲਗਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ।'' ਇਸ ਦੇ ਜਵਾਬ ਵਿਚ ਕੇਜਰੀਵਾਲ ਨੇ ਟਵੀਟ ਕੀਤਾ ਸੀ ਕਿ ਮੈਨੂੰ ਖੁਸ਼ੀ ਹੈ ਕਿ ਤੁਸੀਂ ਕੁਝ ਸੀਸੀਟੀਵੀ ਕੈਮਰੇ ਵੇਖੇ ਹਨ। ਕੁਝ ਦਿਨ ਪਹਿਲਾਂ ਤੁਸੀਂ ਕਿਹਾ ਸੀ ਕਿ ਇੱਕ ਵੀ ਕੈਮਰਾ ਨਹੀਂ ਲਗਾਇਆ ਗਿਆ ਸੀ।