ਨਵੀਂ ਦਿੱਲੀ: ਸਤੰਬਰ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਅਗਾਮੀ ਮਾਨਸੂਨ ਸੈਸ਼ਨ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੀਆਂ ਬੈਠਕਾਂ ਬਦਲਵੇਂ ਦਿਨਾਂ ਉੱਤੇ ਹੋਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਸੰਸਦ ਮੈਂਬਰ ਅਤੇ ਹੋਰ ਅਧਿਕਾਰੀ ਦੋਵੇਂ ਸਦਨਾਂ ਵਿੱਚ ਸਰੀਰਕ ਤੌਰ 'ਤੇ ਮੌਜੂਦ ਰਹਿਣਗੇ।
ਸੂਤਰਾਂ ਨੇ ਕਿਹਾ, 'ਲੋਕ ਸਭਾ ਦੀ ਕਾਰਵਾਈ ਲੋਕ ਸਭਾ ਹਾਲ, ਰਾਜ ਸਭਾ ਹਾਲ ਅਤੇ ਕੇਂਦਰੀ ਹਾਲ ਤੋਂ ਚੱਲਣ ਦੀ ਸੰਭਾਵਨਾ ਹੈ। ਜਦੋਂਕਿ ਰਾਜ ਸਭਾ ਦੀ ਕਾਰਵਾਈ ਰਾਜ ਸਭਾ ਅਤੇ ਲਾਬੀ ਸਮੇਤ ਲੋਕ ਸਭਾ ਹਾਲਾਂ ਤੋਂ ਹੋਵੇਗੀ। ਹਾਲਾਂਕਿ, ਬੈਠਣ ਦੀ ਵਿਵਸਥਾ ਬਾਰੇ ਅੰਤਮ ਫ਼ੈਸਲਾ ਲੈਣਾ ਅਜੇ ਬਾਕੀ ਹੈ।'
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 22 ਸਤੰਬਰ ਤੋਂ ਮਾਨਸੂਨ ਸੈਸ਼ਨ ਦੇ ਸ਼ੁਰੂ ਕਰਵਾਏ ਜਾਣ ਦੀ ਖ਼ਬਰ ਸੀ। ਦਰਅਸਲ, ਆਖ਼ਰੀ ਬਜਟ ਸੈਸ਼ਨ 23 ਮਾਰਚ ਨੂੰ ਖ਼ਤਮ ਹੋਇਆ ਸੀ, ਅਤੇ ਇਸ ਤਰ੍ਹਾਂ ਭਾਰਤ ਦੇ ਸੰਵਿਧਾਨ ਦੇ ਆਦੇਸ਼ ਅਨੁਸਾਰ, ਦੋਵਾਂ ਸੈਸ਼ਨਾਂ ਵਿਚਾਲੇ ਵੱਧ ਤੋਂ ਵੱਧ ਛੇ-ਮਹੀਨੇ ਦਾ ਸਮਾਂ 22 ਸਤੰਬਰ ਨੂੰ ਖ਼ਤਮ ਹੁੰਦਾ ਹੈ।
ਸੰਸਦ ਵਿੱਚ ਤਾਇਨਾਤ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਦੱਸਿਆ ਕਿ ਸੰਸਦੀ ਮਾਮਲਿਆਂ ਬਾਰੇ ਕੈਬਿਨੇਟ ਕਮੇਟੀ (ਸੀਸੀਪੀਏ) ਮਾਨਸੂਨ ਸੈਸ਼ਨ ਦੀ ਤਰੀਕ ਤੈਅ ਕਰਨ ਲਈ ਇਸ ਹਫ਼ਤੇ ਬੈਠਕ ਕਰੇਗੀ।
ਸਰਕਾਰ ਸੀਸੀਪੀਏ ਦੀ ਬੈਠਕ ਵਿੱਚ ਆਪਣੇ ਕੰਮਕਾਜ ਦੇ ਵੇਰਵੇ ਵੀ ਸਾਂਝੇ ਕਰੇਗੀ, ਜੋ ਕਿ ਪਿਛਲੇ ਹਫ਼ਤੇ ਹੋਣੀ ਸੀ, ਪਰ ਕੁੱਝ ਕਾਰਨਾਂ ਅਤੇ ਹੋਰ ਅਧਿਕਾਰੀਆਂ ਦੀਆਂ ਰੁਝੇਵਿਆਂ ਕਾਰਨ ਨਹੀਂ ਹੋ ਸਕੀ।
ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਸੰਸਦ ਦਾ ਸੈਸ਼ਨ ਕਰਵਾਉਣ ਲਈ ਕੇਂਦਰ ਸਰਕਾਰ ਤੋਂ ਕੋਈ 'ਲਿਖਤੀ ਜਾਣਕਾਰੀ' ਪ੍ਰਾਪਤ ਨਹੀਂ ਹੋਈ ਹੈ।
ਲੋਕ ਸਭਾ ਸਕੱਤਰੇਤ ਦੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ‘ਇਹ ਪਤਾ ਹੈ ਕਿ ਮਾਨਸੂਨ ਸੈਸ਼ਨ 23 ਸਤੰਬਰ ਤੋਂ ਪਹਿਲਾਂ ਕਿਸੇ ਵੀ ਸਮੇਂ ਸ਼ੁਰੂ ਹੋਵੇਗਾ। ਕਿਉਂਕਿ ਬੈਠਣ ਦੀ ਵਿਵਸਥਾ ਨੂੰ ਲੈ ਕੇ ਲੋਕ ਸਭਾ ਵਿੱਚ ਤਿਆਰੀਆਂ ਅਜੇ ਵੀ ਵਿਚਾਰ ਅਧੀਨ ਹਨ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਸਤੰਬਰ ਦੇ ਦੂਜੇ ਹਫ਼ਤੇ ਮਾਨਸੂਨ ਸੈਸ਼ਨ ਦੀ ਤਰੀਕ ਦਾ ਐਲਾਨ ਕਰ ਸਕਦੀ ਹੈ।
ਸੰਸਦ ਦੇ ਕਈ ਮੈਂਬਰਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੁਝ ਜਾਣਕਾਰੀ ਮਿਲੀ ਹੈ ਕਿ ਸੈਸ਼ਨ ਸਤੰਬਰ ਦੇ ਦੂਜੇ ਹਫ਼ਤੇ ਸ਼ੁਰੂ ਹੋ ਸਕਦਾ ਹੈ।