ਫਰੂਖ਼ਾਬਾਦ: ਪੁਲਿਸ ਨੇ ਫਰੂਖ਼ਾਬਾਦ ਵਿੱਚ ਬੰਧਕ ਬਣਾਏ 23 ਬੱਚਿਆਂ ਨੂੰ ਸਫ਼ਲਤਾਪੂਰਵਕ ਬਚਾ ਲਿਆ ਹੈ। ਪੁਲਿਸ ਮੁਕਾਬਲੇ ਦੌਰਾਨ ਮੁਲਜ਼ਮ ਸੁਭਾਸ਼ ਬਾਥਮ ਦੀ ਮੌਤ ਹੋ ਗਈ। ਇਸ ਆਪ੍ਰੇਸ਼ਨ ਤੋਂ ਬਾਅਦ ਮੁੱਖ ਮੰਤਰੀ ਨੇ ਯੂਪੀ ਪੁਲਿਸ ਦੀ ਟੀਮ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜਿਸ ਨੇ ਇਸ ਆਪ੍ਰੇਸ਼ਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਪ੍ਰੇਸ਼ਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾਵੇਗਾ।
ਇਸ ਆਪ੍ਰੇਸ਼ਨ ਤੋਂ ਬਾਅਦ ਗ੍ਰਹਿ ਮੰਤਰਾਲੇ ਦੇ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਇਸ ਆਪ੍ਰੇਸ਼ਨ ਦਾ ਸਿਹਰਾ ਯੂਪੀ ਪੁਲਿਸ ਦੇ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਯੂਪੀ ਪੁਲਿਸ ਦੀ ਬਹਾਦੁਰੀ ਨਾਲ ਸਾਰੇ ਬੱਚਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।
ਦੱਸ ਦਈਏ ਕਿ ਫਰੂਖ਼ਾਬਾਦ ਵਿੱਚ ਵੀਰਵਾਰ ਸ਼ਾਮ ਇੱਕ ਨੌਜਵਾਨ ਨੇ 20 ਬੱਚਿਆਂ ਨੂੰ ਕਮਰੇ 'ਚ ਕੈਦ ਕਰਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਸੂਚਨਾ ਮਿਲਣ 'ਤੇ ਯੂਪੀ ਪੁਲਿਸ ਨੇ ਹਿੰਮਤ ਕਰਕੇ ਘਰ ਦੇ ਨੇੜੇ ਜਾਣ ਦਾ ਯਤਨ ਕੀਤਾ ਤਾਂ ਨੌਜਵਾਨ ਨੇ ਹਥਗੋਲ਼ਾ ਸੁੱਟ ਦਿੱਤਾ, ਜਿਸ ਨਾਲ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਲਖਨਉ ਤੋਂ 200 ਕਿਲੋਮੀਟਰ ਦੂਰ ਮੁਹੰਮਦਬਾਦ ਪਿੰਡ ਵਿੱਚ ਇਹ ਘਟਨਾ ਵਾਪਰੀ।