ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਵਿਧਾਇਕ ਅਲਕਾ ਲਾਂਬਾ ਨੇ ਅਗਲੇ ਸਾਲ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਚਾਂਦਨੀ ਚੌਕ ਤੋਂ ਵਿਧਾਇਕ ਲਾਂਬਾ ਨੇ ਟਵੀਟ ਕਰ ਕਿਹਾ ਕਿ 2013 'ਚ 'ਆਪ' ਨਾਲ ਸ਼ੁਰੂ ਹੋਇਆ ਮੇਰਾ ਸਫ਼ਰ 2020 'ਚ ਖ਼ਤਮ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਲਾਂਬਾ ਦੇ ਰਿਸ਼ਤੇ ਕੁੱਝ ਸਮੇਂ ਤੋਂ ਅਪਣੀ ਪਾਰਟੀ ਲੀਡਰਸ਼ਿਪ ਨਾਲ ਸਹੀ ਨਹੀ ਚਲ ਰਹੇ ਸਨ। ਸ਼ਨੀਵਾਰ ਨੂੰ ਵਿਧਾਇਕ ਨੇ ਦਿੱਲੀ ਦੀ ਸਾਰੀ 7 ਸੀਟਾ ਤੇ 'ਆਪ' ਨੂੰ ਮਿਲੀ ਕਰਾਰੀ ਹਾਰ ਲਈ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਵਿਧਾਇਕਾਂ ਦੇ ਵਟਸਐਪ ਗਰੁੱਪ ਤੋਂ ਬਾਹਰ ਕੱਢ ਦਿੱਤਾ ਗਿਆ ਸੀ।
ਲਾਂਬਾ ਨੇ ਟਵਿੱਟਰ 'ਤੇ ਸਕ੍ਰੀਨਸ਼ਾਟਸ ਸਾਂਝੇ ਕੀਤੇ ਜਿਸ 'ਚ ਦਿੱਖ ਰਿਹਾ ਹੈ ਕਿ ਉਸ ਨੂੰ ਉੱਤਰ-ਪੂਰਬ ਦਿੱਲੀ ਤੋਂ 'ਆਪ' ਦੇ ਹਾਰੇ ਹੋਏ ਉਮੀਦਵਾਰ ਦਿਲੀਪ ਪਾਂਡੇ ਨੇ ਗਰੁੱਪ ਤੋਂ ਬਾਹਰ ਕੱਢਿਆ ਹੈ। ਵਿਧਾਇਕ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸ਼ਬਦੀ ਹਮਲਾ ਕਰਦੇ ਹੋਇਆ ਕਿਹਾ ਕਿ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਮਿੱਲੀ ਹਾਰ ਲਈ ਜ਼ਿੰਮੇਵਾਰ ਕਿਉਂ ਠਹਿਰਾਇਆ ਜਾ ਰਿਹਾ ਹੈ।
ਕੇਜਰੀਵਾਲ ਨੂੰ ਆੜੇ ਹੱਥੀ ਲੈਂਦੇ ਹੋਇਆ ਲਾਂਬਾ ਨੇ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਲੋਕਾਂ ਤੇ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਬੰਦ ਕਮਰੇ 'ਚ ਬੈਠ ਕੇ ਸਾਰੇ ਫੈਸਲੇ ਲਏ ਸਨ। ਦਸੱਣਯੋਗ ਹੈ ਕਿ ਲਾਂਬਾ ਨੇ ਇਸ ਲੋਕ ਸਭਾ ਚੋਣਾਂ 'ਚ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ ਅਤੇ ਨਾ ਹੀ ਕੇਜਰੀਵਾਲ ਦੇ ਰੋਡ ਸ਼ੋ 'ਚ ਹਿੱਸਾ ਲਿਆ।