ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਗਈ ਹੈ। ਅਜਿਹੀ ਸਥਿਤੀ 'ਚ ਲੋਕ ਸਭਾ ਚੋਣਾਂ 'ਚ ਬਿਨਾਂ ਕਿਸੇ ਸ਼ਰਤ ਬੀਜੇਪੀ ਨੂੰ ਸਮਰਥਨ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ 'ਚ ਬਰਾਬਰ ਦੀਆਂ ਸੀਟਾਂ ਮਿਲਣ ਦੀ ਉਮੀਦ ਜਤਾਈ ਹੈ।
ਅਕਾਲੀ ਦਲ ਦੀਆਂ ਇਨ੍ਹਾਂ ਉਮੀਦਾਂ 'ਤੇ ਪਾਣੀ ਫਿਰ ਸਕਦਾ ਹੈ ਕਿਉਂਕਿ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸਪਸ਼ਟ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਬੀਜੇਪੀ ਨੂੰ ਕਿਸੇ ਵੀ ਗੱਠਜੋੜ ਦੀ ਲੋੜ ਨਹੀਂ ਹੈ।
ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਇਹ ਤੈਅ ਹੋਇਆ ਸੀ ਕਿ ਜੇ ਅਸੀਂ ਬੀਜੇਪੀ ਨੂੰ ਸਮਰਥਨ ਦਿੰਦੇ ਹਾਂ ਤਾਂ ਵਿਧਾਨਸਭਾ 'ਚ ਅਸੀਂ ਮਿਲ ਕੇ ਚੋਣ ਲੜਾਂਗੇ।
ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਦਿੱਲੀ, ਹਰਿਆਣਾ ਅਤੇ ਯੂਪੀ 'ਚ ਉਨ੍ਹਾਂ ਦੀ ਪਾਰਟੀ ਤੋਂ ਵਿਧਾਇਕ ਬਣਦੇ ਰਹੇ ਹਨ। ਹਰਿਆਣਾ 'ਚ ਬੀਜੇਪੀ ਨੂੰ ਸਮਰਥਨ ਦਿੱਤਾ ਗਿਆ ਸੀ ਜਿਸ ਦੇ ਬਦਲੇ ਵਿਧਾਨਸਭਾ ਚੋਣਾਂ 'ਚ ਬਰਾਬਰ ਸੀਟਾਂ ਦੀ ਗੱਲ ਹੋਈ ਸੀ।
ਲੋਕ ਸਭਾ ਚੋਣਾਂ 'ਚ ਮਿਲੇ ਕਲੀਨ ਸਵੀਪ ਤੋਂ ਬਾਅਦ ਬੀਜੇਪੀ ਦੀ ਸਥਿਤੀ ਚੰਗੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵਿਧਾਨਸਭਾ ਚੋਣਾਂ 'ਚ 75 ਪਾਰ ਦਾ ਟੀਚਾ ਰੱਖਣ ਵਾਲੀ ਬੀਜੇਪੀ ਸੀਟਾਂ ਦਾ ਬਟਵਾਰਾ ਕਿਵੇਂ ਕਰਦੀ ਹੈ।