ਨਵੀਂ ਦਿੱਲੀ: ‘ਵੰਦੇ ਭਾਰਤ’ ਮਿਸ਼ਨ ਤਹਿਤ ਆਪਣੇ ਨਾਗਰਿਕਾਂ ਨੂੰ ਵਿਦੇਸ਼ਾਂ ਤੋਂ ਲਿਆਉਣ ਲਈ ਜਾਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ਦਾ ਬੁੱਧਵਾਰ ਨੂੰ ਸੰਚਾਲਨ ਨਹੀਂ ਕੀਤਾ ਜਾ ਸਕਿਆ, ਕਿਉਂਕਿ ਚਾਲਕ ਦਲ ਦੇ ਮੈਂਬਰਾਂ ਦੀ ਸਮੇਂ ਸਿਰ ਕੋਵਿਡ -19 ਜਾਂਚ ਨਹੀਂ ਕੀਤੀ ਜਾ ਸਕੀ। ਏਅਰ ਲਾਈਨ ਦੇ ਸੀਨੀਅਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਹੋਣ ਦੇ ਵਿਚਕਾਰ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ 'ਵੰਦੇ ਭਾਰਤ' ਮਿਸ਼ਨ ਦੇ ਤਹਿਤ ਯੋਜਨਾ ਬਣਾਈ ਗਈ ਹੈ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਮਿਸ਼ਨ ਦੇ ਤਹਿਤ ਉਡਾਣਾਂ ਦਾ ਕੰਮ ਵੀਰਵਾਰ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਦੀ ਪਹਿਲੀ ਉਡਾਣ ਬੁੱਧਵਾਰ ਤੜਕੇ ਸਾਢੇ ਤਿੰਨ ਵਜੇ ਸੈਨ ਫਰਾਂਸਿਸਕੋ ਤੋਂ ਦਿੱਲੀ ਲਈ ਰਵਾਨਾ ਹੋਣ ਵਾਲੀ ਸੀ। ਦੂਜੀ ਉਡਾਣ ਬੁੱਧਵਾਰ ਸਵੇਰੇ 6.30 ਵਜੇ ਮੁੰਬਈ ਤੋਂ ਲੰਡਨ ਲਈ ਰਵਾਨਾ ਹੋਣ ਵਾਲੀ ਸੀ।
ਕੋਰੋਨਾ ਵਾਇਰਸ ਦੀ ਲਾਗ ਕਾਰਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਵਾਪਸੀ 7 ਮਈ ਤੋਂ ਹੋਣ ਵਾਲੀ ਹੈ। ਇਸ ਦੇ ਲਈ ਵਿਆਪਕ ਪੱਧਰ ਦੀ ਤਿਆਰੀ ਕੀਤੀ ਗਈ ਹੈ। ਸਰਕਾਰ ਨੇ ਇਸ ਮਿਸ਼ਨ ਦਾ ਨਾਂਅ 'ਵੰਦੇ ਭਾਰਤ' ਮਿਸ਼ਨ ਰੱਖਿਆ ਹੈ।
ਸੂਤਰਾਂ ਮੁਤਾਬਕ ਇਸ ਮਿਸ਼ਨ ਤਹਿਤ ਖਾੜੀ ਦੇਸ਼ਾਂ ਵਿੱਚ ਸਿਰਫ 3 ਲੱਖ ਲੋਕਾਂ ਨੇ ਵਾਪਸੀ ਲਈ ਰਜਿਸਟਰ ਕੀਤਾ ਹੈ, ਪਰ ਸਿਰਫ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਂਦਾ ਜਾਵੇਗਾ ਜਿਨ੍ਹਾਂ ਦੀ ਵਧੇਰੇ ਮਜਬੂਰੀ ਹੋਵੇਗੀ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਦਿਆਂ ਕਿਹਾ ਕਿ 'ਵੰਦੇ ਭਾਰਤ' ਮਿਸ਼ਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ 7 ਮਈ ਤੋਂ ਵਾਪਸ ਲਿਆਉਣ ਦੀਆਂ ਯੋਜਨਾਵਾਂ ਬਣ ਰਹੀਆਂ ਹਨ। ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਸਫਾਰਤਖਾਨਿਆਂ ਨਾਲ ਨਿਯਮਤ ਸੰਪਰਕ ਰੱਖਣ।
ਵਿਦੇਸ਼ ਮੰਤਰਾਲਾ ਖਾੜੀ ਦੇਸ਼ਾਂ ਤੋਂ ਆਉਣ ਵਾਲੇ ਹੁਨਰਮੰਦ ਕਾਮਿਆਂ ਦੇ ਅੰਕੜੇ ਉਨ੍ਹਾਂ ਦੀ ਨੌਕਰੀ ਗੁਆਉਣ ਤੋਂ ਬਾਅਦ ਰਾਜਾਂ ਦੇ ਮੰਤਰਾਲਿਆਂ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਦੇਵੇਗਾ। ਵਿਦੇਸ਼ ਮੰਤਰਾਲੇ ਨੇ ਭਾਰਤੀ ਦੂਤਾਵਾਸਾਂ ਅਤੇ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਭਾਰਤੀ ਲੋਕਾਂ ਨੂੰ ਲਿਆਉਣ ਦੀ ਇਸ ਵਿਸ਼ਾਲ ਪ੍ਰਕਿਰਿਆ ਨੂੰ ਲਾਗੂ ਕੀਤਾ ਹੈ।