ਨਵੀਂ ਦਿੱਲੀ : ਸਿਡਨੀ ਹਵਾਈ ਅੱਡੇ ਉੱਤੇ ਇੱਕ ਡਿਊਟੀ ਫ੍ਰੀ ਦੁਕਾਨ ਤੋਂ ਪਰਸ ਚੋਰੀ ਕਰਨ ਦੇ ਮਾਮਲੇ ਵਿੱਚ ਏਅਰ ਇੰਡੀਆ ਕੰਪਨੀ ਦੇ ਰੀਜ਼ਨਲ ਡਾਇਰੈਕਟਰ ਰੋਹਿਤ ਭਸੀਨ ਨੂੰ ਮੁਅਤਲ ਕਰ ਦਿੱਤਾ ਗਿਆ ਹੈ।
ਰੀਜ਼ਨਲ ਡਾਇਰੈਕਟਰ ਰੋਹਿਤ ਭਸੀਨ ਨੂੰ ਮੁਅਤਲ ਕੀਤੇ ਜਾਣ ਤੋਂ ਬਾਅਦ ਬਿਨ੍ਹਾਂ ਆਗਿਆ ਤੋਂ ਏਅਰ ਇੰਡੀਆ ਦੇ ਪਰਿਸਰ ਵਿੱਚ ਦਾਖ਼ਲ ਹੋਣ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਰਿਸਰ ਵਿੱਚ ਦਾਖਲ ਹੋਣ ਦੀ ਰੋਕ ਦੇ ਨਾਲ-ਨਾਲ ਰੋਹਿਤ ਭਸੀਨ ਨੂੰ ਪਹਿਚਾਣ ਪੱਤਰ ਕੰਪਨੀ ਵਿੱਚ ਜਮਾ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਸ਼ੂਰਆਤੀ ਰਿਪੋਰਟ ਦੇ ਮੁਤਾਬਕ ਰੋਹਿਤ ਭਸੀਨ ਸਿਡਨੀ ਹਵਾਈ ਅੱਡੇ ਦੀ ਇੱਕ ਦੁਕਾਨ ਤੋਂ ਪਰਸ ਚੋਰੀ ਕਰਦੇ ਹੋਏ ਫੜੇ ਗਏ ਸਨ। ਏਅਰ ਇੰਡੀਆ ਨੇ ਇਸ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਪੂਰੀ ਹੋਣ ਤੱਕ ਰਿਜ਼ਨਲ ਡਾਇਰੈਕਟਰ ਰੋਹਿਤ ਭਸੀਨ ਨੂੰ ਮੁਅਤਲ ਕੀਤਾ ਗਿਆ ਹੈ।
ਰੋਹਿਤ ਭਸੀਨ ਨੂੰ ਏਆਈ 301 ਜਹਾਜ਼ ਦੇ ਇੱਕ ਕਮਾਂਡਰ (ਪਾਇਲਟ) ਵਜੋਂ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਦਾ ਜਹਾਜ 22 ਜੂਨ ਦੀ ਸਵੇਰੇ 10.45 ਉੱਤੇ ਸਿਡਨੀ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣ ਵਾਲਾ ਸੀ।