ਨਵੀਂ ਦਿੱਲੀ: ਜਿਵੇਂ ਕਿ ਦੇਸ਼ ਵਿਆਪੀ ਕੋਰੋਨਾ ਵਾਇਰਸ ਲੌਕਡਾਊਨ ਦਾ ਤੀਸਰਾ ਪੜਾਅ ਐਤਵਾਰ ਨੂੰ ਖ਼ਤਮ ਹੋਣ ਜਾ ਰਿਹਾ ਹੈ, ਏਅਰ ਇੰਡੀਆ ਨੇ ਕਿਹਾ ਹੈ ਕਿ 18 ਮਈ ਤੋਂ ਘਰੇਲੂ ਉਡਾਣਾਂ ਚੱਲਣ ਦੀ ਅਜੇ ਕੋਈ ਸੰਭਾਵਨਾ ਨਹੀਂ ਹੈ।
ਏਅਰਲਾਈਨ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਉੱਤੇ ਸਪੱਸ਼ਟੀਕਰਨ ਦਿੱਤਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਦੀਆਂ ਉਡਾਣਾਂ ਲਈ ਸਾਰੀਆਂ ਬੁਕਿੰਗਸ ਬੰਦ ਹਨ ਅਤੇ ਸਰਕਾਰ ਵੱਲੋਂ ਨਿਰਦੇਸ਼ ਮਿਲਣ ਤੋਂ ਬਾਅਦ ਹੀ ਚਾਲੂ ਕੀਤੀਆਂ ਜਾਣਗੀਆਂ।
ਏਅਰ ਇੰਡੀਆ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਉੱਤੇ ਸਪੱਸ਼ਟੀਕਰਨ ਵਿੱਚ ਕਿਹਾ ਕਿ ਵਟਸਐਪ ਉੱਤੇ ਇੱਕ ਏਅਰ ਇੰਡੀਆ ਦੀ ਈਮੇਲ ਸਰਕੁਲੇਟ ਹੋ ਰਹੀ ਹੈ। ਇਸ ਈਮੇਲ ਨੂੰ ਗ਼ਲਤ ਸਮਝਿਆ ਜਾ ਰਿਹਾ ਹੈ ਅਤੇ ਕਈ ਮੀਡੀਆ ਰਿਪੋਰਟਾਂ ਵਿੱਚ ਇਸ ਨੂੰ ਗ਼ਲਤ ਪੇਸ਼ ਕੀਤਾ ਜਾ ਰਿਹਾ ਹੈ। ਏਅਰਲਾਈਨ ਨੇ ਕਿਹਾ ਕਿ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਸਰਕਾਰ ਦੇ ਹੱਥ ਹੈ।
ਇਸ ਤੋਂ ਇਲਾਵਾ ਏਅਰਲਾਈਨ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਕਿ ਉਡਾਣਾਂ ਦੇ ਮੁੜ ਸ਼ੁਰੂ ਹੋਣ ਸਬੰਧੀ ਐਲਾਨਾਂ ਬਾਰੇ ਜਾਨਣ ਲਈ ਉਹ ਕੇਂਦਰੀ ਹਵਾਬਾਜ਼ੀ ਮੰਤਰਾਲੇ ਅਤੇ ਏਅਰ ਇੰਡੀਆ ਦੀ ਵੈਬਸਾਈਟ ਅਤੇ ਟਵਿੱਟਰ ਅਕਾਊਂਟਸ ਨੂੰ ਫੌਲੋ ਕਰਨ।