ਨਵੀਂ ਦਿੱਲੀ: ਕੋਜ਼ੀਕੋਡ ਵਿਮਾਨ ਦੁਰਘਟਨਾ ਦੌਰਾਨ ਮਨੁੱਖਤਾ ਲਈ ਏਅਰ ਇੰਡੀਆ ਐਕਸਪ੍ਰੈਸ ਨੇ ਕੇਰਲ ਸਥਿਤ ਮੱਲਪੂਰਮ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇਸ ਹਾਦਸੇ 'ਚ ਦੋ ਪਾਇਲਟਾਂ ਸਣੇ 18 ਲੋਕਾਂ ਦੀ ਮੌਤ ਹੋ ਗਈ ਸੀ।
ਏਅਰ ਇੰਡੀਆ ਐਕਸਪ੍ਰੈਸ ਨੇ ਆਪਣੇ ਟਵੀਟ 'ਚ ਲਿਖਿਆ, "ਮਨੁੱਖਤਾ ਨੂੰ ਨਮਨ, ਹਾਦਸੇ ਦੌਰਾਨ ਆਪਣੇ ਨਰਮ ਸੁਭਾਅ ਕਾਰਨ ਪੇਸ਼ ਆਉਣ ਅਤੇ ਮਨੁੱਖਤਾ ਦੀ ਮਿਸਾਲ ਬਣਨ ਲਈ ਮੱਲਪੂਰਮ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ। ਏਅਰ ਇੰਡੀਆ ਐਕਸਪ੍ਰੈਸ ਵੱਲੋਂ ਅਸੀਂ ਮੱਲਪੂਰਮ ਦੇ ਲੋਕਾਂ ਨੂੰ ਨਮਨ ਕਰਦੇ ਹਾਂ ਜਿਨ੍ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ।'
8 ਅਗਸਤ ਨੂੰ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਵੀ ਟਵੀਟ ਕਰ ਸਥਾਨਕ ਲੋਕਾਂ ਅਤੇ ਅਧਿਕਾਰੀਆਂ ਵੱਲੋਂ ਮੌਕੇ 'ਤੇ ਮਿਲੀ ਮਦਦ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਲਿਖਿਆ ਸੀ ਕਿ ਕੋਵਿਡ ਮਹਾਂਮਾਰੀ ਅਤੇ ਖ਼ਰਾਬ ਮੌਸਮ ਦੀ ਪਰਵਾਹ ਕੀਤੇ ਬਿਨਾਂ ਸਥਾਨਕ ਲੋਕਾਂ ਨੇ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਦੂਜਿਆਂ ਦੀਆਂ ਜਾਨਾਂ ਬਚਾਈਆਂ। ਉਨ੍ਹਾਂ ਕਿਹਾ ਕਿ ਖ਼ੂਨ ਦਾਨ ਕਰਨ ਲਈ ਲੋਕਾਂ ਦੀਆਂ ਲੱਗੀਆਂ ਕਤਾਰਾਂ ਮਹਿਜ਼ ਸਿਰਫ ਇੱਕ ਉਦਾਹਰਨ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਦੁਬਈ ਤੋਂ ਆ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਭਾਰੀ ਬਰਸਾਤ ਕਾਰਨ ਰਨਵੇਅ 'ਤੇ ਹਾਦਸੇ ਦਾ ਸ਼ਿਕਾਰ ਹੋਈ ਸੀ। ਇਸ ਹਾਦਸੇ ਵਿੱਚ ਜਹਾਜ਼ ਦੇ 2 ਟੁਕੜੇ ਹੋ ਗਏ ਸਨ ਅਤੇ ਦੋਵੇਂ ਪਾਇਲਟਾਂ ਸਣੇ 18 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਏਅਰਕਰਾਫਟ ਐਕਟ ਤਹਿਤ ਜਾਂਚ ਦੇ ਹੁਕਮ ਦਿੱਤੇ ਗਏ ਹਨ। ਹਾਦਸੇ ਦਾ ਸ਼ਿਕਾਰ ਹੋਏ ਜ਼ਹਾਜ IX-1344 ਦੇ ਬਲੈਕ ਬਾਕਸ ਬਰਾਮਦ ਹੋ ਗਏ ਹਨ। ਪੜਤਾਲ ਦੌਰਾਨ ਮਿਲੇ ਨਤੀਜਿਆਂ ਨੂੰ ਸਰਵਜਨਕ ਕੀਤਾ ਜਾਵੇਗਾ।